Morning Food: ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਦੇ ਹਨ, ਕਿਉਂਕਿ ਦੋਵੇਂ ਗਰਮ ਪੀਣ ਵਾਲੇ ਪਦਾਰਥ ਨੀਂਦ ਤੇ ਸੁਸਤੀ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਕੌਫੀ 'ਚ ਮੌਜੂਦ ਕੈਫੀਨ ਕਾਰਨ ਇਸ ਨੂੰ ਪੀਣ ਤੋਂ ਬਾਅਦ ਤੁਹਾਨੂੰ ਨੀਂਦ ਨਹੀਂ ਆਉਂਦੀ ਅਤੇ ਤੁਸੀਂ ਸੁਸਤ ਮਹਿਸੂਸ ਨਹੀਂ ਕਰਦੇ ਹੋ। ਪਰ ਇਹ ਵੀ ਸੱਚ ਹੈ ਕਿ ਕੈਫੀਨ ਦੇ ਜ਼ਿਆਦਾ ਸੇਵਨ ਨਾਲ ਤੁਹਾਡੇ ਸਰੀਰ 'ਤੇ ਕਈ ਬੁਰੇ ਪ੍ਰਭਾਵ ਪੈ ਸਕਦੇ ਹਨ। ਇਹੀ ਕਾਰਨ ਹੈ ਕਿ ਆਪਣੇ ਦਿਨ ਦੀ ਸ਼ੁਰੂਆਤ ਇਨ੍ਹਾਂ ਚੀਜ਼ਾਂ ਨਾਲ ਕਰਨ ਦੀ ਬਜਾਏ ਤੁਹਾਨੂੰ ਅਜਿਹੀਆਂ ਚੀਜ਼ਾਂ ਨਾਲ ਸ਼ੁਰੂ ਕਰਨੀ ਚਾਹੀਦੀ ਹੈ ਜੋ ਨਾ ਸਿਰਫ਼ ਨੀਂਦ ਤੇ ਸੁਸਤੀ ਨੂੰ ਦੂਰ ਕਰਦੇ ਹਨ, ਸਗੋਂ ਤੁਹਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ।
ਅਸੀਂ ਤੁਹਾਡੇ ਲਈ ਕੁਝ ਅਜਿਹੇ ਪੌਸ਼ਟਿਕ ਭੋਜਨ ਪਦਾਰਥਾਂ ਦੀ ਸੂਚੀ ਲੈ ਕੇ ਆਏ ਹਾਂ ਜਿਨ੍ਹਾਂ ਨਾਲ ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਕਿਉਂਕਿ ਤੁਹਾਨੂੰ ਐਕਟਿਵ ਰੱਖਣ ਦੇ ਨਾਲ-ਨਾਲ ਇਹ ਤੁਹਾਨੂੰ ਦਿਨ ਭਰ ਊਰਜਾਵਾਨ ਰੱਖਣ 'ਚ ਵੀ ਮਦਦ ਕਰੇਗਾ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਇਨ੍ਹਾਂ ਚੀਜ਼ਾਂ ਨਾਲ ਕਰੋ ਆਪਣੇ ਦਿਨ ਦੀ ਸ਼ੁਰੂਆਤ
1. ਸਵੇਰੇ ਉੱਠਣ ਤੋਂ ਬਾਅਦ ਤੁਸੀਂ ਕੌਫੀ ਜਾਂ ਚਾਹ ਦੀ ਬਜਾਏ ਖਜੂਰ ਖਾ ਸਕਦੇ ਹੋ। ਖਜੂਰਾਂ 'ਚ ਕੁਦਰਤੀ ਖੰਡ ਹੁੰਦੀ ਹੈ। ਇਹੀ ਕਾਰਨ ਹੈ ਕਿ ਇਹ ਤੁਹਾਨੂੰ ਪੂਰੇ ਦਿਨ ਲਈ ਊਰਜਾ ਪ੍ਰਦਾਨ ਕਰ ਸਕਦਾ ਹੈ। ਤੁਸੀਂ ਸਵੇਰੇ 4 ਤੋਂ 5 ਖਜੂਰਾਂ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਪੂਰਾ ਪੋਸ਼ਣ ਮਿਲੇਗਾ।
2. ਬਦਾਮ ਨੂੰ ਪ੍ਰੋਟੀਨ, ਫਾਈਬਰ ਅਤੇ ਮੋਨੋਅਨਸੈਚੁਰੇਟਿਡ ਫੈਟ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨ ਬੀ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਭੋਜਨ ਨੂੰ ਊਰਜਾ 'ਚ ਬਦਲਣ ਦਾ ਕੰਮ ਕਰਦਾ ਹੈ। ਬਦਾਮ ਵੀ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਮਾਸਪੇਸ਼ੀਆਂ ਦੀ ਥਕਾਵਟ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਤੁਸੀਂ ਸਵੇਰੇ 4 ਤੋਂ 5 ਬਦਾਮ ਖਾ ਸਕਦੇ ਹੋ। ਇਸ ਨਾਲ ਤੁਸੀਂ ਦਿਨ ਭਰ ਤਾਜ਼ਾ ਮਹਿਸੂਸ ਕਰੋਗੇ।
3. ਸੰਤਰਾ ਵਿਟਾਮਿਨ ਸੀ ਦਾ ਚੰਗਾ ਸਰੋਤ ਹੈ। ਇਸ ਫਲ 'ਚ ਫਾਈਬਰ, ਫਾਸਫੋਰਸ ਅਤੇ ਖਣਿਜ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਸਰੀਰ ਨੂੰ ਜ਼ਰੂਰੀ ਪੋਸ਼ਣ ਤੇ ਊਰਜਾ ਪ੍ਰਦਾਨ ਕਰਦੇ ਹਨ। ਆਪਣੇ ਦਿਨ ਦੀ ਸ਼ੁਰੂਆਤ ਕੌਫੀ ਜਾਂ ਚਾਹ ਨਾਲ ਕਰਨ ਦੀ ਬਜਾਏ, ਤੁਸੀਂ ਸੰਤਰੇ ਦੇ ਰਸ ਨਾਲ ਸ਼ੁਰੂ ਕਰ ਸਕਦੇ ਹੋ ਜਾਂ ਸੰਤਰੇ ਖਾ ਸਕਦੇ ਹੋ।
4. ਨਿੰਬੂ ਅਤੇ ਪੁਦੀਨੇ ਨਾਲ ਬਣਿਆ ਡ੍ਰਿੰਕ ਵੀ ਤੁਹਾਨੂੰ ਤਰੋਤਾਜ਼ਾ ਰੱਖਣ 'ਚ ਮਦਦ ਕਰ ਸਕਦਾ ਹੈ। ਨਿੰਬੂ ਸਰੀਰ 'ਚ ਖੁਸ਼ੀ ਦੇ ਹਾਰਮੋਨਸ ਦੇ ਪੱਧਰ ਨੂੰ ਵਧਾਉਣ ਦਾ ਕੰਮ ਕਰਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ। ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਲਈ ਤੁਸੀਂ ਇਸ ਦਾ ਸੇਵਨ ਵੀ ਕਰ ਸਕਦੇ ਹੋ। ਨਿੰਬੂ-ਪੁਦੀਨੇ ਦਾ ਪਾਣੀ ਪੀ ਕੇ ਤੁਸੀਂ ਤੁਰੰਤ ਊਰਜਾ ਪ੍ਰਾਪਤ ਕਰ ਸਕਦੇ ਹੋ।
5. ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਭੁੰਨੇ ਹੋਏ ਤਿਲਾਂ ਨਾਲ ਵੀ ਕਰ ਸਕਦੇ ਹੋ। ਇਸ ਨੂੰ ਖਾਣ ਦੇ ਕਈ ਫਾਇਦੇ ਹਨ। ਭੁੰਨੇ ਹੋਏ ਤਿਲਾਂ 'ਚ ਪ੍ਰੋਟੀਨ, ਆਇਰਨ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਕਾਪਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਸਵੇਰੇ ਉੱਠਣ ਤੋਂ ਬਾਅਦ ਭੁੰਨੇ ਹੋਏ ਤਿਲ ਖਾਣ ਨਾਲ ਮਾਸਪੇਸ਼ੀਆਂ ਦੇ ਦਰਦ ਤੇ ਥਕਾਵਟ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਹ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ।
Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।