Poppy Seeds Health Benefits: ਪੰਜਾਬ ਵਿੱਚ ਨਸ਼ਿਆਂ ਦੀ ਗੱਲ ਕਰੀਏ ਤਾਂ ਭੁੱਕੀ ਜਾਂ ਪੋਸਤ ਸਭ ਤੋਂ ਵੱਧ ਬਦਨਾਮ ਹੈ। ਇਸ ਲਈ ਪੌਪੀ ਸੀਡ ਭਾਵ ਖਸਖਸ ਜਾਂ ਪੋਸਤ ਦੇ ਦਾਣਿਆਂ ਦੇ ਫਾਇਦੇ ਵੀ ਲੋਕ ਵਿਸਾਰ ਦਿੰਦੇ ਹਨ। ਖਸਖਸ ਦੇ ਬੀਜ ਫਾਈਬਰ, ਮੈਗਨੀਜ਼, ਕਾਪਰ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਸ ਲਈ ਤੁਹਾਨੂੰ ਸਿਹਤਮੰਦ ਰਹਿਣ ਲਈ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਮਾਸਪੇਸ਼ੀਆਂ ਦਾ ਵਿਕਾਸ ਹੋਵੇਗਾ। ਇਸ ਤੋਂ ਇਲਾਵਾ ਇਸ ਦੇ ਹੋਰ ਵੀ ਫ਼ਾਇਦੇ ਹਨ। ਜਾਣੋ ਇਸ ਲੇਖ 'ਚ ਸਭ ਕੁਝ...
ਹੱਡੀਆਂ ਲਈ ਕਿਉਂ ਜ਼ਰੂਰੀ ਹਨ ਖਸਖਸ ਦੇ ਬੀਜ?
ਹੱਡੀਆਂ ਲਈ ਖਸਖਸ (poppy seeds) ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦੇ ਗੁਣਾਂ ਦੀ ਗੱਲ ਕਰੀਏ ਤਾਂ ਖਸਖਸ ਦੇ ਬੀਜ ਕੈਲਸ਼ੀਅਮ, ਜ਼ਿੰਕ ਅਤੇ ਕਾਪਰ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਇਹ ਤਿੰਨੋਂ ਤੱਤ ਹੱਡੀਆਂ ਦੀ ਮਜ਼ਬੂਤੀ ਅਤੇ ਵਿਕਾਸ 'ਚ ਮਦਦ ਕਰਦੇ ਹਨ। ਇਕ ਸਟਡੀ ਮੁਤਾਬਕ ਕੈਲਸ਼ੀਅਮ ਸਪਲੀਮੈਂਟ ਦੇ ਨਾਲ ਕਾਪਰ ਅਤੇ ਜ਼ਿੰਕ ਮਿਲ ਕੇ ਰੀੜ੍ਹ ਦੀ ਹੱਡੀ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ। ਹੱਡੀਆਂ ਦੀ ਸਿਹਤ ਲਈ ਕੈਲਸ਼ੀਅਮ ਅਤੇ ਫਾਸਫੋਰਸ ਦੋਵੇਂ ਸਹੀ ਮਾਤਰਾ 'ਚ ਲੈਣੇ ਜ਼ਰੂਰੀ ਹਨ। ਖਸਖਸ ਦੇ ਬੀਜ ਫਾਸਫੋਰਸ ਨਾਲ ਭਰਪੂਰ ਹੁੰਦੇ ਹਨ ਜੋ ਕੈਲਸ਼ੀਅਮ ਦੇ ਨਾਲ ਹੱਡੀਆਂ ਨੂੰ ਲਾਭ ਪਹੁੰਚਾਉਂਦੇ ਹਨ।
ਦੁੱਧ ਅਤੇ ਖਸਖਸ ਦਾ ਸੇਵਨ ਕਰਨ ਨਾਲ ਤੁਹਾਨੂੰ ਮਿਲਦੇ ਹਨ ਇਹ ਫਾਇਦੇ
ਅਜਿਹੀ ਸਥਿਤੀ 'ਚ ਤੁਹਾਨੂੰ ਖਸਖਸ ਅਤੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਦੋਵਾਂ 'ਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹੈ। ਖਸਖਸ ਨੂੰ ਦੁੱਧ 'ਚ ਉਬਾਲ ਕੇ ਇਸ ਦਾ ਸੇਵਨ ਕਰੋ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾਂ ਨੂੰ ਰਾਹਤ ਮਿਲਦੀ ਹੈ |ਜੇਕਰ ਤੁਸੀਂ ਛੋਟੀ ਉਮਰ ਤੋਂ ਹੀ ਖਸਖਸ ਦੇ ਬੀਜਾਂ ਨੂੰ ਦੁੱਧ 'ਚ ਮਿਲਾ ਕੇ ਖਾਂਦੇ ਹੋ ਤਾਂ ਤੁਹਾਨੂੰ ਲੰਬੇ ਸਮੇਂ ਤੱਕ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੋਣਗੀਆਂ।
ਖਸਖਸ ਦੇ ਹੋਰ ਫ਼ਾਇਦੇ
ਨੀਂਦ 'ਚ ਸੁਧਾਰ : ਖਸਖਸ ਦੇ ਬੀਜਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਨੀਂਦ ਚੰਗੀ ਆਉਂਦੀ ਹੈ। ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸ਼ਿਕਾਇਤ ਹੈ ਤਾਂ ਤੁਸੀਂ ਰੋਜ਼ ਰਾਤ ਨੂੰ ਦੁੱਧ 'ਚ ਉਬਾਲ ਕੇ ਖਸਖਸ ਦੇ ਬੀਜ ਦਾ ਸੇਵਨ ਕਰ ਸਕਦੇ ਹੋ। ਖਸਖਸ ਦੇ ਬੀਜਾਂ 'ਚ ਮੌਜੂਦ ਗੁਣ ਚੰਗੀ ਨੀਂਦ ਲੈਣ 'ਚ ਮਦਦ ਕਰ ਸਕਦੇ ਹਨ।
ਪਾਚਨ ਤੰਤਰ ਨੂੰ ਸੁਧਾਰਦਾ ਹੈ : ਖਸਖਸ ਦਾ ਸੇਵਨ ਕਰਨ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਦਰਅਸਲ, ਇਹ ਫਾਈਬਰ ਵਰਗੇ ਵਿਸ਼ੇਸ਼ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦਾ ਹੈ, ਜੋ ਕਬਜ਼ ਅਤੇ ਗੈਸ ਵਰਗੀਆਂ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਢਿੱਡ ਦੀ ਸਿਹਤ ਨੂੰ ਠੀਕ ਕਰ ਸਕਦਾ ਹੈ। ਤੁਸੀਂ ਖਸਖਸ ਦੇ ਪਾਊਡਰ ਨੂੰ ਦੁੱਧ 'ਚ ਉਬਾਲ ਕੇ ਪੀ ਸਕਦੇ ਹੋ।
ਅੱਖਾਂ ਲਈ ਫ਼ਾਇਦੇਮੰਦ : ਖਸਖਸ 'ਚ ਜ਼ਿੰਕ ਅਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਅੱਖਾਂ ਦੀ ਰੌਸ਼ਨੀ ਨੂੰ ਠੀਕ ਰੱਖਦੇ ਹਨ। ਖਸਖਸ ਦੇ ਬੀਜਾਂ ਦੇ ਪਾਊਡਰ ਨੂੰ ਦੁੱਧ 'ਚ ਉਬਾਲ ਕੇ ਪੀਣ ਨਾਲ ਅੱਖਾਂ ਦੀ ਸਿਹਤ 'ਚ ਸੁਧਾਰ ਹੁੰਦਾ ਹੈ। ਇਸ 'ਚ ਮੌਜੂਦ ਜ਼ਿੰਕ ਉਮਰ ਨਾਲ ਸਬੰਧਤ ਮੈਕੂਲਰ ਡੀ-ਜੇਨਰੇਸ਼ਨ ਦੇ ਜ਼ੋਖ਼ਮ ਨੂੰ ਘਟਾ ਸਕਦਾ ਹੈ।
ਦਿਲ ਨੂੰ ਸਿਹਤਮੰਦ : ਖਸਖਸ ਦਾ ਬੀਜ ਦਿਲ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਫਾਈਬਰ ਹੁੰਦਾ ਹੈ ਜੋ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ 'ਚ ਮੌਜੂਦ ਓਮੇਗਾ 3 ਫੈਟੀ ਐਸਿਡ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰ ਸਕਦਾ ਹੈ।