ਵਾਸ਼ਿੰਗਟਨ : ਸੰਸਾਰ ਦੇ ਸਮੁੰਦਰਾਂ 'ਚ ਵਾਇਰਸਾਂ ਦੀ ਗਿਣਤੀ ਤਿੰਨ ਗੁਣਾ ਹੋ ਚੁੱਕੀ ਹੈ। ਵਿਗਿਆਨੀਆਂ ਨੇ ਸਮੁੰਦਰ 'ਚ 15 ਹਜ਼ਾਰ ਤਰ੍ਹਾਂ ਦੇ ਵਾਇਰਸਾਂ ਨੂੰ ਖੋਜਿਆ ਹੈ। ਧਰਤੀ ਨੂੰ ਜਲਵਾਯੂ ਪਰਿਵਰਤਨ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ 'ਚ ਇਹ ਸੋਧ ਕਾਫੀ ਅਹਿਮ ਸਾਬਤ ਹੋ ਸਕਦੀ ਹੈ। ਵਾਇਰਸ ਦੇ ਕਾਰਨ ਵਾਯੂਮੰਡਲ 'ਚ ਆਕਸੀਜਨ ਦੀ ਮਾਤਰਾ 'ਤੇ ਪ੍ਰਭਾਵ ਪੈਣ ਦਾ ਸ਼ੱਕ ਹੈ।

ਖੋਜ ਦੀ ਅਗਵਾਈ ਓਹਾਇਉ ਯੂਨੀਵਰਸਿਟੀ ਦੇ ਮਾਹਿਰਾਂ ਨੇ ਕੀਤੀ। ਕੁਲ ਪੈਦਾ ਹੋਈ ਕਾਰਬਨ ਦੀ ਅੱਧੀ ਮਾਤਰਾ ਨੂੰ ਸਮੁੰਦਰ ਗ੍ਰਹਿਣ ਕਰ ਲੈਂਦਾ ਹੈ। ਇਸ ਨਾਲ ਇਕ ਪਾਸੇ ਸਮੁੰਦਰ ਦਾ ਪਾਣੀ ਤੇਜ਼ਾਬੀ ਹੋ ਰਿਹਾ ਹੈ ਤੇ ਦੂਜੇ ਪਾਸੇ ਸਮੁੰਦਰੀ ਜਲ ਜੀਵਾਂ ਵਾਸਤੇ ਖ਼ਤਰਾ ਪੈਦਾ ਹੋ ਰਿਹਾ ਹੈ। ਇਸ ਦੌਰਾਨ ਸਮੁੰਦਰ 'ਚ ਮੌਜੂਦ ਸੂਖਮ ਜੀਵਾਂ ਤੇ ਵਾਇਰਸ ਦਰਮਿਆਨ ਆਪਸੀ ਸੰਪਰਕ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਕੇ ਇਸ ਤੋਂ ਬੱਚਿਆ ਜਾ ਸਕਦਾ ਹੈ।

ਦੋ ਸੌ ਤੋਂ ਜ਼ਿਆਦਾ ਵਿਗਿਆਨੀਆਂ ਨੇ ਇਸ ਖ਼ਾਸ ਮੁਹਿੰਮ ਤਹਿਤ 15,222 ਵਾਇਰਸਾਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ਦਾ 867 ਸਮੂਹਾਂ 'ਚ ਵਰਗੀਕਰਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਮੁੰਦਰ 'ਚ ਮੌਜੂਦ ਮਾਈਯੋਬ ਵਾਯੂਮੰਡਲ 'ਚ ਮੌਜੂਦ ਆਕਸੀਜਨ ਦੀ ਅੱਧੀ ਮਾਤਰਾ ਦਾ ਨਿਕਾਸ ਕਰਦੇ ਹਨ।

ਵਾਇਰਸ ਦੇ ਇਨਫੈਕਸ਼ਨ ਦੇ ਚੱਲਦੇ ਇਸ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਹ ਨਸ਼ਟ ਹੋ ਰਹੇ ਹਨ। ਅਜਿਹੇ 'ਚ ਆਕਸੀਜਨ ਦੀ ਮਾਤਰਾ 'ਤੇ ਪ੍ਰਭਾਵ ਪੈ ਸਕਦਾ ਹੈ। ਇਸ ਹਾਲਤ 'ਚ ਵਾਇਰਸ ਦੀ ਪਹਿਚਾਣ ਕਰਕੇ ਉਸ ਨੂੰ ਖ਼ਤਮ ਕਰਨ ਨਾਲ ਜਲਵਾਯੂ ਪਰਿਵਰਤਨ ਦੇ ਪੈਦਾ ਹੋਏ ਸੰਕਟ ਤੋਂ ਬੱਚਿਆ ਜਾ ਸਕਦਾ ਹੈ।