ਪੇਈਚਿੰਗ: ਚੀਨ ਵਿੱਚ ਕੋਰੋਨਾਵਾਇਰਸ ਫੈਲਣ ਮਗਰੋਂ ਸੋਸ਼ਲ ਮੀਡੀਆ ਉੱਪਰ ਚਰਚਾ ਛਿੜੀ ਸੀ ਕਿ ਕੁੱਤੇ-ਬਿੱਲੀਆਂ ਦਾ ਮੀਟ ਖਾਣ ਕਰਕੇ ਉਹ ਲੋਕ ਮਰ ਰਹੇ ਹਨ। ਬੇਸ਼ੱਕ ਇਸ ਦੀ ਸੱਚਾਈ ਦਾ ਅਜੇ ਵੀ ਪਤਾ ਨਹੀਂ ਲੱਗਾ ਪਰ ਚੀਨ ਨੇ ਕੁੱਤੇ-ਬਿੱਲੀਆਂ ਦਾ ਮੀਟ ਖਾਣ ਵਾਲਿਆਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਤਹਿਤ ਚੀਨ ਦੇ ਸ਼ਹਿਰ ਸ਼ੇਨਜ਼ੇਨ ’ਚ ਕੁੱਤੇ ਤੇ ਬਿੱਲੀਆਂ ਦੀ ਵਿਕਰੀ ਤੇ ਖਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।


ਦੱਸ ਦਈਏ ਕਿ ਕਰੋਨਾਵਾਇਰਸ ਨੂੰ ਕਥਿਤ ਤੌਰ ’ਤੇ ਜੰਗਲੀ ਜਾਨਵਰਾਂ ਦਾ ਮੀਟ ਖਾਣ ਕਾਰਨ ਉਪਜੀ ਮਹਾਮਾਰੀ ਮੰਨਦਿਆਂ ਸ਼ੇਨਜ਼ੇਨ ਇਹ ਪਾਬੰਦੀ ਲਾਉਣ ਵਾਲਾ ਚੀਨ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਜੰਗਲੀ ਜਾਨਵਰਾਂ ਦੇ ਵੇਚ-ਖਰੀਦ ਤੇ ਖਾਣ ’ਤੇ ਪਾਬੰਦੀ ਲਾਈ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਇਹ ਕਾਨੂੰਨ 1 ਮਈ ਤੋਂ ਲਾਗੂ ਹੋਵੇਗਾ।

ਸ਼ੇਨਜ਼ੇਨ ’ਚ ਵਿੱਚ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਅਨੁਸਾਰ, ‘ਕੁੱਤੇ ਤੇ ਬਿੱਲੀਆਂ ਦਾ ਪਾਲਤੂ ਜਾਨਵਰ ਹੋਰਨਾਂ ਜਾਨਵਰਾਂ ਦੇ ਮੁਕਾਬਲੇ ਇਨਸਾਨ ਬਹੁਤ ਗੂੜ੍ਹਾ ਸਬੰਧ ਹੈ। ਮੰਗ ਤੇ ਮਨੁੱਖੀ ਸੱਭਿਅਤਾ ਦੇ ਮੱਦੇਨਜ਼ਰ ਇਹ ਪਾਬੰਦੀ ਲਾਈ ਗਈ ਹੈ।’ ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਚੀਨੀ ਅਧਿਕਾਰੀਆਂ ਵੱਲੋਂ ਜੰਗਲੀ ਜਾਨਵਰਾਂ ਦੇ ਵਪਾਰ ਤੇ ਖਾਣ ਵਜੋਂ ਵਰਤੋਂ ’ਤੇ ਪਾਬੰਦੀ ਲਾਈ ਗਈ ਸੀ।