Memory loss: ਦੁਨੀਆਂ ਵਿੱਚ 9-5 ਨੌਕਰੀਆਂ ਕਰਨ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ। ਕਈ ਲੋਕ ਸਵੇਰ ਦੀ ਸ਼ਿਫਟ ਕਰਨਾ ਪਸੰਦ ਕਰਦੇ ਹਨ ਤਾਂ ਕਈ ਲੋਕ ਜਨਰਲ ਸ਼ਿਫਟ ਨੂੰ ਪਸੰਦ ਕਰਦੇ ਹਨ। ਹਾਲਾਂਕਿ, ਕੁਝ ਲੋਕ ਅਜਿਹੇ ਹਨ ਜੋ ਰਾਤ ਦੀ ਸ਼ਿਫਟ ਕਰਨਾ ਪਸੰਦ ਕਰਦੇ ਹਨ ਜਾਂ ਮਜਬੂਰੀ ਵਿੱਚ ਇਹ ਸ਼ਿਫਟ ਕਰਨੀ ਪੈਂਦੀ ਹੈ। ਹਾਲ ਹੀ 'ਚ ਰਾਤ ਦੀ ਸ਼ਿਫਟ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ 'ਤੇ ਇੱਕ ਖੋਜ ਕੀਤੀ ਗਈ ਹੈ, ਜਿਸ 'ਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਇਸ ਰਿਸਰਚ 'ਚ ਕਿਹਾ ਗਿਆ ਹੈ ਕਿ ਜੋ ਲੋਕ ਰਾਤ ਦੀ ਸ਼ਿਫਟ ਕਰਦੇ ਹਨ, ਉਨ੍ਹਾਂ 'ਚ ਯਾਦਦਾਸ਼ਤ ਖਰਾਬ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ, ਯਾਨੀ ਇਹ ਲੋਕ ਆਪਣੀ ਯਾਦਾਦਾਸ਼ਤ ਜਲਦੀ ਗੁਆ ਸਕਦੇ ਹਨ।


ਕੈਨੇਡਾ ਦੀ ਯਾਰਕ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਯਾਦਦਾਸ਼ਤ ਦੀ ਕਮੀ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਬੋਧਾਤਮਕ ਕਮਜ਼ੋਰੀ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਸੋਚਣ ਅਤੇ ਸਮਝਣ ਦੀ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਦਿਮਾਗ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਵਿਵਹਾਰ 'ਚ ਵੀ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ। ਇਸ ਅਧਿਐਨ ਲਈ ਕੁੱਲ 47,811 ਲੋਕਾਂ ਦਾ ਡਾਟਾ ਇਕੱਠਾ ਕੀਤਾ ਗਿਆ ਸੀ। ਇਹ ਖੋਜ ਇਸ ਹਫ਼ਤੇ ਓਪਨ-ਐਕਸੈਸ ਜਰਨਲ PLOS ONE ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।


ਇਨ੍ਹਾਂ ਲੋਕਾਂ ਵਿੱਚ ਯਾਦਦਾਸ਼ਤ ਦੇ ਨੁਕਸਾਨ ਦਾ ਖਤਰਾ


ਖੋਜਕਰਤਾਵਾਂ ਨੇ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਰਾਤ ਦੀ ਸ਼ਿਫਟ ਅਤੇ ਬੋਧਾਤਮਕ ਕਮਜ਼ੋਰੀ ਵਿਚਕਾਰ ਡੂੰਘਾ ਸਬੰਧ ਹੈ। ਰਾਤ ਨੂੰ ਕੰਮ ਕਰਨ ਨਾਲ ਅੱਧਖੜ ਉਮਰ ਦੇ ਅਤੇ ਬਜ਼ੁਰਗ ਲੋਕਾਂ ਵਿੱਚ ਯਾਦਦਾਸ਼ਤ ਦੇ ਨੁਕਸਾਨ ਦਾ ਖ਼ਤਰਾ ਰਹਿੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਦੇਰ ਰਾਤ ਤੱਕ ਦਫ਼ਤਰ ਵਿੱਚ ਕੰਮ ਕਰਨ ਵਾਲਿਆਂ ਵਿੱਚ ਬੋਧਾਤਮਕ ਕਮਜ਼ੋਰੀ ਦੀ ਦਰ 79 ਪ੍ਰਤੀਸ਼ਤ ਵੱਧ ਹੈ। ਜੇਕਰ ਤੁਸੀਂ ਦਫਤਰੀ ਕੰਮ ਜਾਂ ਕਿਸੇ ਹੋਰ ਕਾਰਨ ਕਰਕੇ ਪੂਰੀ ਰਾਤ ਜਾਗਦੇ ਰਹਿੰਦੇ ਹੋ ਤਾਂ ਤੁਹਾਨੂੰ ਯਾਦਦਾਸ਼ਤ ਨਾਲ ਜੁੜੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।


ਖਤਰੇ 'ਚ ਓਵਰਟਾਈਮ ਕਾਮੇ !


ਦੂਜੇ ਪਾਸੇ, ਜੋ ਲੋਕ ਆਪਣੇ ਕੰਮ ਦੇ ਸਮੇਂ ਤੋਂ ਵੱਧ ਕੰਮ ਕਰਦੇ ਹਨ, ਯਾਨੀ ਓਵਰਟਾਈਮ, ਅਜਿਹੇ ਲੋਕ ਆਪਣੀਆਂ ਭਾਵਨਾਵਾਂ, ਵਿਚਾਰਾਂ ਅਤੇ ਕੰਮ ਨੂੰ ਸਹੀ ਢੰਗ ਨਾਲ ਪ੍ਰਬੰਧਿਤ ਨਹੀਂ ਕਰ ਪਾਉਂਦੇ ਜਾਂ ਉਨ੍ਹਾਂ ਨੂੰ ਅਜਿਹਾ ਕਰਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਣਕਾਰੀ ਮੁਤਾਬਕ 5 'ਚੋਂ ਇੱਕ ਵਿਅਕਤੀ ਯਾਨੀ 21 ਫੀਸਦੀ ਲੋਕ 8-9 ਘੰਟੇ ਦੀ ਸ਼ਿਫਟ ਦੇ ਹਿਸਾਬ ਨਾਲ ਕੰਮ ਕਰਦੇ ਹਨ।