Health warning about sleep: ਨੀਂਦ ਇੱਕ ਕੁਦਰਤੀ, ਸਰੀਰਕ ਅਤੇ ਮਾਨਸਿਕ ਪ੍ਰਕਿਰਿਆ ਹੈ ਜੋ ਸਰੀਰ ਅਤੇ ਮਨ ਨੂੰ ਆਰਾਮ ਦਿੰਦੀ ਹੈ। ਜਦੋਂ ਅਸੀਂ ਸੌਂਦੇ ਹਾਂ ਸਾਡਾ ਸਰੀਰ ਆਪਣੀ ਊਰਜਾ ਭਰਦਾ ਹੈ, ਸੈੱਲਾਂ ਦੀ ਮੁਰੰਮਤ ਕਰਦਾ ਹੈ ਅਤੇ ਦਿਮਾਗ ਵਿੱਚ ਵੱਖ-ਵੱਖ ਜਾਣਕਾਰੀਆਂ ਦੀ ਪ੍ਰਕਿਰਿਆ ਕਰਦਾ ਹੈ। ਨੀਂਦ ਦੌਰਾਨ ਸਰੀਰ ਤੇ ਦਿਮਾਗ ਵਿੱਚ ਕੁਝ ਬਦਲਾਅ ਆਉਂਦੇ ਹਨ ਜਿਵੇਂ ਕਿ ਦਿਲ ਦੀ ਧੜਕਣ ਤੇ ਸਾਹ ਲੈਣ ਦੀ ਦਰ ਵਿੱਚ ਕਮੀ, ਮਾਸਪੇਸ਼ੀਆਂ ਦਾ ਢਿੱਲਾ ਪੈਣਾ ਤੇ ਦਿਮਾਗ ਵਿੱਚ ਸੋਚਣ ਦੀਆਂ ਪ੍ਰਕਿਰਿਆਵਾਂ ਦਾ ਹੌਲੀ ਹੋਣਾ।
ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਿਸਤਰ ਉੱਤੇ ਪੈਂਦਿਆਂ ਹੀ ਸੌਂ ਜਾਂਦੇ ਹਨ, ਜਦੋਂ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਹੁਤ ਦੇਰ ਨਾਲ ਸੌਂ ਜਾਂਦੇ ਹਨ। ਹਾਲ ਹੀ ਵਿੱਚ, ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੋ ਲੋਕ ਸੌਣ ਤੋਂ 5 ਮਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿੱਚ ਸੌਂ ਜਾਂਦੇ ਹਨ, ਉਹ ਕਿਸੇ ਗੰਭੀਰ ਸਮੱਸਿਆ ਤੋਂ ਪੀੜਤ ਹੋ ਸਕਦੇ ਹਨ। ਪੰਜ ਮਿੰਟਾਂ ਦੇ ਅੰਦਰ-ਅੰਦਰ ਸੌਂ ਜਾਣਾ ਨੀਂਦ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ ਜੋ ਕਿ ਸੰਭਵ ਤੌਰ 'ਤੇ ਨੀਂਦ ਦੀ ਮਾੜੀ ਗੁਣਵੱਤਾ ਜਾਂ ਨੀਂਦ ਦੀ ਘਾਟ ਕਾਰਨ ਹੋ ਸਕਦਾ ਹੈ।
ਸਲੀਪ ਹੈਲਥ ਫਾਊਂਡੇਸ਼ਨ 18 ਤੋਂ 64 ਸਾਲ ਦੀ ਉਮਰ ਦੇ ਬਾਲਗਾਂ ਲਈ ਹਰ ਰਾਤ ਸੱਤ ਤੋਂ ਨੌਂ ਘੰਟੇ ਦੀ ਨੀਂਦ ਦੀ ਸਿਫ਼ਾਰਸ਼ ਕਰਦੀ ਹੈ। ਹਾਲਾਂਕਿ, ਇਹ ਹਮੇਸ਼ਾ ਸੰਭਵ ਨਹੀਂ ਹੁੰਦਾ ਕਿਉਂਕਿ ਪੰਜ ਵਿੱਚੋਂ ਇੱਕ ਵਿਅਕਤੀ ਨੂੰ ਕਾਫ਼ੀ ਨੀਂਦ ਨਹੀਂ ਆਉਂਦੀ ਅਤੇ ਉਹ ਨੀਂਦ ਤੋਂ ਵਾਂਝਾ ਰਹਿੰਦਾ ਹੈ।
ਲਗਾਤਾਰ ਨੀਂਦ ਦੀ ਘਾਟ ਕਈ ਗੰਭੀਰ ਸਰੀਰਕ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੁੜੀ ਹੋਈ ਹੈ, ਜਿਸ ਵਿੱਚ ਦਿਲ ਦੀ ਬਿਮਾਰੀ, ਸਟ੍ਰੋਕ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਡਿਪਰੈਸ਼ਨ, ਚਿੰਤਾ ਅਤੇ ਅਲਜ਼ਾਈਮਰ ਸ਼ਾਮਲ ਹਨ।
ਮਾਹਿਰਾਂ ਨੇ ਇੱਕ ਸਮਾਂ-ਰੇਖਾ ਬਣਾਈ ਹੈ ਜੋ ਦਰਸਾਉਂਦੀ ਹੈ ਕਿ ਤੁਹਾਨੂੰ ਸੌਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਤੇ ਇਹ ਤੁਹਾਡੀ ਸਿਹਤ ਬਾਰੇ ਕੀ ਕਹਿੰਦੀ ਹੈ। ਦਰਅਸਲ, 5 ਮਿੰਟ ਤੋਂ ਘੱਟ ਸਮੇਂ ਵਿੱਚ ਸੌਂ ਜਾਣਾ ਇੱਕ ਗੰਭੀਰ ਖ਼ਤਰਾ ਸਾਬਤ ਹੋਇਆ ਹੈ ਜਦੋਂ ਕਿ ਸੌਂਣ ਦੀ ਸਿਹਤਮੰਦ ਸੀਮਾ 5 ਤੋਂ 20 ਮਿੰਟ ਹੈ।
ਬਹੁਤ ਜਲਦੀ ਸੌਂ ਜਾਣਾ ਨਾਰਕੋਲੇਪਸੀ ਵਰਗੀ ਡਾਕਟਰੀ ਸਥਿਤੀ ਦਾ ਸੰਕੇਤ ਵੀ ਹੋ ਸਕਦਾ ਹੈ ਤੇ ਦੂਜੇ ਪਾਸੇ, ਜੇਕਰ ਤੁਹਾਨੂੰ ਸੌਣ ਵਿੱਚ 20 ਤੋਂ 30 ਮਿੰਟ ਤੋਂ ਵੱਧ ਸਮਾਂ ਲੱਗਦਾ ਹੈ, ਤਾਂ ਇਹ ਇਨਸੌਮਨੀਆ ਦੀ ਨਿਸ਼ਾਨੀ ਹੋ ਸਕਦੀ ਹੈ।
ਨੀਂਦ ਦੀ ਕਮੀ ਕਈ ਵੱਖ-ਵੱਖ ਕਾਰਨਾਂ ਕਰਕੇ ਹੋ ਸਕਦੀ ਹੈ, ਪਰ ਜੇ ਤੁਸੀਂ ਸਮੱਸਿਆ ਦੀ ਪਛਾਣ ਕਰਨ ਵਿੱਚ ਅਸਮਰੱਥ ਹੋ, ਤਾਂ ਇਹ ਸਮੇਂ ਦੇ ਨਾਲ ਗੰਭੀਰ ਹੋ ਸਕਦੀ ਹੈ। ਇਸ ਲਈ ਤੁਹਾਨੂੰ ਕਿਸੇ ਮਾਹਰ ਨੂੰ ਵੀ ਮਿਲਣਾ ਚਾਹੀਦਾ ਹੈ।
ਰਾਤ ਦੇ ਸਮੇਂ ਦਾ ਸ਼ੋਰ, ਫ਼ੋਨਾਂ, ਟੀਵੀ ਅਤੇ ਟੈਬਲੇਟਾਂ ਤੋਂ ਆਉਣ ਵਾਲੀ ਸਕਰੀਨ ਲਾਈਟ ਤੇ ਬਾਹਰੀ ਰੌਸ਼ਨੀ ਵੀ ਨੀਂਦ ਨਾ ਆਉਣ ਦਾ ਕਾਰਨ ਬਣਦੀ ਹੈ। ਜਦੋਂ ਤੁਸੀਂ ਸੌਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਚੀਜ਼ ਬਾਰੇ ਵਿਚਲਿਤ ਜਾਂ ਚਿੰਤਤ ਮਹਿਸੂਸ ਕਰ ਸਕਦੇ ਹੋ, ਜੋ ਤੁਹਾਨੂੰ ਨੀਂਦ ਆਉਣ ਤੋਂ ਰੋਕ ਸਕਦਾ ਹੈ। ਇਸ ਤੋਂ ਇਲਾਵਾ, ਨਸ਼ੇ ਦੀ ਆਦਤ, ਸਿਗਰਟਨੋਸ਼ੀ ਅਤੇ ਸਰੀਰਕ ਤੌਰ 'ਤੇ ਸਰਗਰਮ ਨਾ ਰਹਿਣ ਵਰਗੀਆਂ ਆਦਤਾਂ ਵੀ ਨੀਂਦ ਨਾ ਆਉਣ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ।