ਟੋਕੀਓ: ਲੌਕਡਾਊਨ (lockdown) ਵਿਚਾਲੇ ਜਾਪਾਨ (Japan) ਵਿੱਚ ਸੋਸ਼ਲ ਮੀਡੀਆ (Social Media) ‘ਤੇ ‘ਕੋਰੋਨਾ ਡਾਇਵੌਰਸ’ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਟਵਿਟਰ ਉਦਾਸ ਪਤਨੀਆਂ ਨੂੰ ਪਤੀ ਖਿਲਾਫ ਗੁੱਸਾ ਕੱਢਣ ਦਾ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ। ਕਈ ਮੈਸੇਜਾਂ ‘ਚ ਰਿਸ਼ਤੇ ਟੁੱਟਣ ਦੇ ਇਸ਼ਾਰੇ ਹਨ। ਇੱਕ ਔਰਤ ਨੇ ਟਵੀਟ ਕੀਤਾ, "ਮੇਰਾ ਪਤੀ ਸ਼ਰਾਬ ਪੀ ਕੇ ਆਲੇ-ਦੁਆਲੇ ਘੁੰਮਦਾ ਹੈ। ਆਪਣੇ ਹੱਥ ਨਹੀਂ ਧੋਂਦਾ ਤੇ ਉਸ ਨੂੰ ਨਹੀਂ ਪਤਾ ਕਿ ਰਸੋਈ ‘ਚ ਕੀ ਕਰਨਾ ਹੈ। ਇਸ ਤਰ੍ਹਾਂ ਦੇ ਵਿਵਾਦ ਅਕਸਰ ਪਤੀ/ਪਤਨੀ ‘ਚ ਹੁੰਦੇ ਹਨ ਪਰ ਮੇਰੇ ਲਈ ਇਹ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਣ ਦਾ ਮੌਕਾ ਹੈ।”


ਤਲਾਕ ਦੇ ਕੇਸਾਂ ਨਾਲ ਨਜਿੱਠਣ ਵਾਲੇ ਇੱਕ ਵਕੀਲ ਚਾਏ ਗੋਤੋ ਨੇ ਆਪਣੇ ਬਲਾਗ ‘ਚ ਲਿਖਿਆ, "ਵਿਆਹੁਤਾ ਜੋੜਿਆਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਪਹਿਲਾਂ ਨਹੀਂ ਵੇਖਿਆ ਗਿਆ ਸੀ।" ਆਦਮੀ ਜਾਂ ਤਾਂ ਘਰੋਂ ਕੰਮ ਕਰ ਰਹੇ ਹਨ ਜਾਂ ਨੌਕਰੀ ਗੁਆ ਚੁੱਕੇ ਹਨ। ਬੱਚਿਆਂ ਨੂੰ ਹਰ ਸੰਭਵ ਘਰ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ। ਛੁੱਟੀ ਵਾਲੇ ਦਿਨ ਵੀ ਉਨ੍ਹਾਂ ਨੂੰ ਬਾਹਰ ਜਾਣ ਦੀ ਮਨਾਹੀ ਹੈ। ਗੋਤ ਨੇ ਲਿਖਿਆ ਕਿ ਘਰ ਕੰਮ ਦੀ ਥਾਂ ਬਣ ਗਿਆ ਜਿਸ ਕਾਰਨ ਪਰਿਵਾਰਕ ਜੀਵਨ ‘ਚ ਸਭ ਤੋਂ ਵੱਡੀ ਸਮੱਸਿਆ ਖੜ੍ਹੀ ਹੋ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕ ਵਾਤਾਵਰਣ ਬਦਲਣ ਕਰਕੇ ਤਣਾਅ ਮਹਿਸੂਸ ਕਰਦੇ ਹਨ ਜਿਸ ਨਾਲ ਵਿਆਹ ਦੇ ਰਿਸ਼ਤਿਆਂ ‘ਚ ਦਰਾਰ ਆ ਰਹੀ ਹੈ।

ਦੱਸ ਦਈਏ ਕਿ ਇੱਕ ਅੰਕੜਿਆਂ ਮੁਤਾਬਕ ਜਾਪਾਨ ‘ਚ ਤਕਰੀਬਨ 35 ਪ੍ਰਤੀਸ਼ਤ ਵਿਆਹੇ ਜੋੜੇ ਵੱਖ ਹੋ ਜਾਂਦੇ ਹਨ। ਅਮਰੀਕਾ ‘ਚ ਤਲਾਕ ਦੀ ਪ੍ਰਤੀਸ਼ਤਤਾ 45%, ਬ੍ਰਿਟੇਨ ‘ਚ 41% ਤੇ ਚੀਨ ‘ਚ 30 ਫੀਸਦ ਤੋਂ ਵੱਧ ਹੈ ਪਰ ਜਾਪਾਨ ਦੀ ਮੌਜੂਦਾ ਸਥਿਤੀ, ਆਉਣ ਵਾਲੇ ਦਿਨਾਂ ਵਿੱਚ ਤਲਾਕ ਦੀ ਮੰਗ ਕਰਨ ਵਾਲੇ ਲੋਕਾਂ ਦੀ ਗਿਣਤੀ ਵਧਾ ਸਕਦੀ ਹੈ।