Johnson & Johnson compensation : ਕਰੀਬ 76,000 ਦਾਵਿਆਂ ਨਾਲ ਜੁੜਿਆ ਇਹ ਇਤਿਹਾਸਕ ਸਮਝੌਤਾ ਪਿਛਲੇ ਇੱਕ ਦਹਾਕੇ ਤੋਂ ਚੱਲ ਰਹੇ ਕਾਨੂੰਨੀ ਵਿਵਾਦ ਨੂੰ ਖਤਮ ਕਰ ਸਕਦਾ ਹੈ। ਜੌਨਸਨ ਐਂਡ ਜੌਨਸਨ ਨੇ ਕਿਹਾ ਹੈ ਕਿ ਉਹ ਆਪਣੇ ਬੇਬੀ ਪਾਊਡਰ ਅਤੇ ਹੋਰ ਟੈਲਕ ਉਤਪਾਦਾਂ ਨਾਲ ਓਵਰੀਅਨ ਕੈਂਸਰ ਹੋਣ ਦੇ ਦੋਸ਼ਾਂ ਨਾਲ ਜੁੜੇ ਹਜ਼ਾਰਾਂ ਮੁਕੱਦਮਿਆਂ ਦੇ ਨਿਪਟਾਰੇ ਲਈ 5.5 ਅਰਬ ਡਾਲਰ (ਲਗਭਗ ₹52,639 ਕਰੋੜ) ਦਾ ਭੁਗਤਾਨ ਕਰੇਗੀ।
ਕੰਪਨੀ ਨੇ ਕੀ ਕਿਹਾ?
ਕੰਪਨੀ ਦੇ ਮੁਤਾਬਕ ਇਹ ਸਮਝੌਤਾ ਕਰੀਬ 76,000 ਦਾਵਿਆਂ ਨੂੰ ਕਵਰ ਕਰਦਾ ਹੈ। ਇਨ੍ਹਾਂ ਵਿੱਚ ਨਿਊ ਜਰਸੀ ਦੀ ਸੰਘੀ ਅਦਾਲਤ ਵਿੱਚ ਇਕੱਠੇ ਸੁਣੇ ਜਾ ਰਹੇ ਕੇਸਾਂ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੀਆਂ ਅਦਾਲਤਾਂ ਵਿੱਚ ਲੰਬਿਤ ਮੁਕੱਦਮੇ ਵੀ ਸ਼ਾਮਲ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਸਮਝੌਤਾ ਉਸ ਦੇ ਖ਼ਿਲਾਫ਼ ਬਚੇ ਹੋਏ ਜ਼ਿਆਦਾਤਰ ਟੈਲਕ ਨਾਲ ਸਬੰਧਤ ਦਾਵਿਆਂ ਦਾ ਨਿਪਟਾਰਾ ਕਰੇਗਾ।
ਕੀ ਸਨ ਆਰੋਪ ?
ਜੌਨਸਨ ਐਂਡ ਜੌਨਸਨ 'ਤੇ ਆਰੋਪ ਲਗਾਇਆ ਗਿਆ ਸੀ ਕਿ ਉਸ ਦੇ ਟੈਲਕ ਪਾਊਡਰ ਵਿੱਚ ਐਸਬੈਸਟਸ ਮੌਜੂਦ ਸੀ, ਜਿਸ ਕਾਰਨ ਮੇਸੋਥੇਲਿਓਮਾ ਅਤੇ ਓਵਰੀਅਨ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋਈਆਂ। ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਐਰਿਕ ਹਾਸ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ, ਪਰ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਕੰਪਨੀ ਇਹ ਸਮਝੌਤਾ ਕਰ ਰਹੀ ਹੈ।
ਕਿੰਨਾ ਮਿਲੇਗਾ ਮੁਆਵਜ਼ਾ?
ਕੰਪਨੀ 2027 ਵਿੱਚ 3 ਅਰਬ ਡਾਲਰ (ਲਗਭਗ ₹28,680 ਕਰੋੜ) ਅਤੇ 2028 ਵਿੱਚ ਬਾਕੀ ਰਕਮ ਦਾ ਭੁਗਤਾਨ ਕਰੇਗੀ। ਜੇਕਰ ਹੋਰ ਲੋਕ ਵੀ ਇਸ ਸਮਝੌਤੇ ਵਿੱਚ ਸ਼ਾਮਲ ਹੁੰਦੇ ਹਨ, ਤਾਂ ਕੁੱਲ ਭੁਗਤਾਨ 7 ਅਰਬ ਡਾਲਰ (ਲਗਭਗ ₹66,920 ਕਰੋੜ) ਜਾਂ ਇਸ ਤੋਂ ਵੀ ਵੱਧ ਹੋ ਸਕਦਾ ਹੈ। ਇਹ ਮੁਆਵਜ਼ਾ ਓਵਰੀਅਨ ਕੈਂਸਰ ਨਾਲ ਜੁੜੇ ਯੋਗ ਦਾਵਿਆਂ ਲਈ ਦਿੱਤਾ ਜਾਵੇਗਾ ਅਤੇ ਕੰਪਨੀ ਦੇ ਕੁੱਲ ਭੁਗਤਾਨ ਦੀ ਕੋਈ ਨਿਰਧਾਰਤ ਸੀਮਾ ਨਹੀਂ ਰੱਖੀ ਗਈ।
ਬੰਦ ਹੋ ਗਿਆ ਟੈਲਕ ਵਾਲਾ ਬੇਬੀ ਪਾਊਡਰ
ਜੌਨਸਨ ਐਂਡ ਜੌਨਸਨ ਦਾ ਕਹਿਣਾ ਹੈ ਕਿ ਉਸ ਦੇ ਟੈਲਕ ਉਤਪਾਦ ਸੁਰੱਖਿਅਤ ਸਨ ਅਤੇ ਉਨ੍ਹਾਂ ਵਿੱਚ ਐਸਬੈਸਟਸ ਨਹੀਂ ਸੀ। ਕੰਪਨੀ ਨੇ 2020 ਵਿੱਚ ਅਮਰੀਕਾ ਵਿੱਚ ਟੈਲਕ ਵਾਲੇ ਬੇਬੀ ਪਾਊਡਰ ਦੀ ਵਿਕਰੀ ਬੰਦ ਕਰ ਦਿੱਤੀ ਸੀ ਪਰ 2025 ਵਿੱਚ ਕਾਨੂੰਨੀ ਵਿਵਾਦ ਮੁੜ ਸ਼ੁਰੂ ਹੋ ਗਿਆ, ਕਿਉਂਕਿ ਦਿਵਾਲੀਆ ਪ੍ਰਕਿਰਿਆ ਰਾਹੀਂ ਕੇਸਾਂ ਦਾ ਨਿਪਟਾਰਾ ਕਰਨ ਦੀ ਉਸ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ।