ਨਵਜੰਮੇ ਜੋੜੇ ਅਕਸਰ ਸ਼ਿਕਾਇਤ ਕਰਦੇ ਹਨ ਕਿ ਬੱਚਾ ਹੋਣ ਤੋਂ ਬਾਅਦ ਉਨ੍ਹਾਂ ਦੀ ਨੀਂਦ ਉੱਡ ਗਈ ਹੈ। ਉਨ੍ਹਾਂ ਦਾ ਨਵਜੰਮਿਆ ਬੱਚਾ ਦਿਨ ਵੇਲੇ ਸੌਂਦਾ ਹੈ, ਪਰ ਜਿਵੇਂ-ਜਿਵੇਂ ਰਾਤ ਨੇੜੇ ਆਉਂਦੀ ਹੈ, ਉਹ ਉਨ੍ਹਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ। ਕਈ ਵਾਰ ਬੱਚੇ ਨੂੰ ਰਾਤ ਨੂੰ ਭੁੱਖ ਲੱਗਦੀ ਹੈ, ਇਸ ਲਈ ਉਸਨੂੰ ਖੁਆਉਣਾ ਪੈਂਦਾ ਹੈ ਤੇ ਕਈ ਵਾਰ ਉਸਦੀ ਡਾਇਪਰ ਬਦਲਣੀ ਪੈਂਦੀ ਹੈ। ਕੁੱਲ ਮਿਲਾ ਕੇ, ਨਵੇਂ ਮਾਪੇ ਬਣਨ ਵਾਲੇ ਜੋੜਿਆਂ ਨੂੰ ਸਾਰੀ ਰਾਤ ਜਾਗਦੇ ਰਹਿਣਾ ਪੈਂਦਾ ਹੈ।


ਜੇ ਤੁਹਾਡੇ ਨਾਲ ਵੀ ਅਜਿਹਾ ਹੀ ਹੋ ਰਿਹਾ ਹੈ ਤਾਂ ਕੀ ਤੁਸੀਂ ਕਦੇ ਇਸਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ ? ਜਦੋਂ ਬੱਚਾ ਪੈਦਾ ਹੁੰਦਾ ਹੈ, ਤਾਂ ਉਹ ਦਿਨ ਵਿੱਚ ਜ਼ਿਆਦਾ ਕਿਉਂ ਸੌਂਦਾ ਹੈ ਤੇ ਰਾਤ ਨੂੰ ਜਾਗਦਾ ਕਿਉਂ ਰਹਿੰਦਾ ਹੈ? ਅੱਜ ਅਸੀਂ ਤੁਹਾਡੇ ਲਈ ਇਸ ਸਵਾਲ ਦਾ ਜਵਾਬ ਦੇਵਾਂਗੇ।



ਕਿਸੇ ਵੀ ਨਵਜੰਮੇ ਬੱਚੇ ਦੀ ਨੀਂਦ ਮਾਂ ਦੇ ਗਰਭ ਨਾਲ ਜੁੜੀ ਹੁੰਦੀ ਹੈ। ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ, ਤਾਂ ਉਹ ਜ਼ਿਆਦਾਤਰ ਸਮਾਂ ਸੁੱਤਾ ਰਹਿੰਦਾ ਹੈ। ਜਣੇਪੇ ਤੋਂ ਬਾਅਦ, ਜਦੋਂ ਬੱਚਾ ਕੁੱਖ ਤੋਂ ਬਾਹਰ ਆਉਂਦਾ ਹੈ, ਤਾਂ ਕੁਝ ਮਹੀਨਿਆਂ ਤੱਕ ਉਸਦੀ ਨੀਂਦ ਦਾ ਪੈਟਰਨ ਨਹੀਂ ਬਣਦਾ। ਅਜਿਹੀ ਸਥਿਤੀ ਵਿੱਚ ਉਸਨੂੰ ਦਿਨ ਅਤੇ ਰਾਤ ਦਾ ਫ਼ਰਕ ਨਹੀਂ ਪਤਾ। ਹਾਲਾਂਕਿ, ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਉਸ ਵਿੱਚ ਸੌਣ ਦਾ ਪੈਟਰਨ ਵਿਕਸਤ ਹੁੰਦਾ ਹੈ ਅਤੇ ਉਸਦੀਆਂ ਨੀਂਦ ਦੀਆਂ ਜ਼ਰੂਰਤਾਂ ਬਦਲ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਨਵਜੰਮਿਆ ਬੱਚਾ ਦਿਨ ਵਿੱਚ ਜ਼ਿਆਦਾ ਸੌਂਦਾ ਹੈ ਅਤੇ ਅਕਸਰ ਰਾਤ ਨੂੰ ਜਾਗਦਾ ਰਹਿੰਦਾ ਹੈ।



ਨਵਜੰਮੇ ਬੱਚੇ ਲਈ ਨੀਂਦ ਬਹੁਤ ਜ਼ਰੂਰੀ ਹੈ। ਇਹ ਬੱਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਹੈ। ਅਮੈਰੀਕਨ ਅਕੈਡਮੀ ਆਫ਼ ਸਲੀਪ ਮੈਡੀਸਨ ਦੇ ਅਨੁਸਾਰ, ਇੱਕ ਨਵਜੰਮੇ ਬੱਚੇ ਤੋਂ ਲੈ ਕੇ 12 ਮਹੀਨੇ ਦੇ ਬੱਚੇ ਨੂੰ 12 ਤੋਂ 16 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ। ਨੀਂਦ ਦੌਰਾਨ ਬੱਚੇ ਦਾ ਦਿਮਾਗੀ ਪ੍ਰਣਾਲੀ ਵਿਕਸਤ ਹੁੰਦਾ ਹੈ। ਹਾਲਾਂਕਿ, ਜਦੋਂ ਬੱਚਾ ਇੱਕ ਤੋਂ ਦੋ ਸਾਲ ਦਾ ਹੋ ਜਾਂਦਾ ਹੈ ਤਾਂ ਉਸਦੇ ਸੌਣ ਦਾ ਪੈਟਰਨ ਬਦਲ ਜਾਂਦਾ ਹੈ, ਉਸ ਸਮੇਂ ਉਸਨੂੰ ਦਿਨ ਵਿੱਚ 11 ਤੋਂ 14 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ।