Republic Day 2022: ਗਣਤੰਤਰ ਦਿਵਸ ਨੂੰ ਲੈ ਕੇ ਇਸ ਵਾਰ ਪੂਰੇ ਦੇਸ਼ ਵਿੱਚ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਇਸ ਵਾਰ ਸਰਹੱਦਾਂ ਉੱਪਰ ਵੀ ਖਾਸ ਚੌਕਸੀ ਰੱਖੀ ਗਈ ਹੈ। ਬੀਐਸਐਫ ਦੇ ਇੰਸਪੈਕਟਰ ਜਨਰਲ (ਆਈਜੀ) ਡੀਕੇ ਬੂਰਾ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਦੀ ਗਣਤੰਤਰ ਦਿਵਸ ਮੌਕੇ ਮੁਸ਼ਕਲਾਂ ਖੜ੍ਹੀਆਂ ਕਰਨ ਦੀ ਧਮਕੀ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬੀਐਸਐਫ ਜਵਾਨ ਹਾਈ ਅਲਰਟ ’ਤੇ ਹਨ।

ਆਈਜੀ ਡੀਕੇ ਬੂਰਾ ਨੇ ਕਿਹਾ ਕਿ ਬੀਐਸਐਫ ਪਹਿਲਾਂ ਹੀ ਸਰਹੱਦ ’ਤੇ ਦੋ ਹਫ਼ਤਿਆਂ ਤੱਕ ਚੌਕਸੀ ਵਧਾਉਣ ਦਾ ਐਲਾਨ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜਵਾਨਾਂ ਨੇ ਜੰਮੂ ਹੱਦ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਸੁਰੰਗ ਵਿਰੋਧੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਈਜੀ ਬੂਰਾ ਨੇ ਕਿਹਾ, ‘‘ਬੀਐਸਐਫ ਕਿਸੇ ਵੀ ਨਾਪਾਕ ਮਨਸੂਬੇ ਨੂੰ ਨਾਕਾਮ ਕਰਨ ਲਈ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।’’

ਦਿੱਲੀ ਵਿੱਚ ਵੀ ਸਖਤੀ ਚੌਕਸੀ

ਗਣਤੰਤਰ ਦਿਵਸ ਦੀ ਪਰੇਡ ਲਈ ਦਿੱਲੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਦਾਅਵਾ ਕੀਤਾ ਹੈ ਕਿ ਖੁਫੀਆ ਜਾਣਕਾਰੀ ਦੇ ਬਾਅਦ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਲਈ ਪਿਛਲੇ ਨਵੰਬਰ ਤੋਂ 26 ਮਾਪਦੰਡਾਂ ਤਹਿਤ ਦਹਿਸ਼ਤਗਰਦੀ ਵਿਰੋਧੀ ਉਪਾਅ ਕੀਤੇ ਹਨ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੇ ਪ੍ਰਬੰਧ ਪਿਛਲੇ ਸਾਲ ਸੁਤੰਤਰਤਾ ਦਿਵਸ ਦੇ ਜਸ਼ਨ ਤੋਂ ਤੁਰੰਤ ਬਾਅਦ ਸ਼ੁਰੂ ਹੋ ਗਏ ਸੀ।





ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ, ‘‘ਦਿੱਲੀ ਆਮ ਤੌਰ ’ਤੇ ਹਮੇਸ਼ਾ ਹੀ ਦਹਿਸ਼ਤਗਰਦੀ ਦੇ ਖ਼ਤਰੇ ਵਿੱਚ ਰਹਿੰਦੀ ਹੈ, ਇਸ ਲਈ ਸਾਨੂੰ ਵਧੇਰੇ ਸਾਵਧਾਨੀ ਵਰਤਣੀ ਪੈਂਦੀ ਹੈ। ਇਸ ਸਾਲ ਵੀ ਅਸੀਂ ਪੂਰੀ ਤਰ੍ਹਾਂ ਚੌਕਸ ਹਾਂ। ਸੁਰੱਖਿਆ ਏਜੰਸੀਆਂ ਦਿੱਲੀ ਪੁਲਿਸ ਨਾਲ ਤਾਲਮੇਲ ਕਰ ਰਹੀਆਂ ਹਨ।’’

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਇਸ ਸਮੇਂ ਗਣਤੰਤਰ ਦਿਵਸ ਦੇ ਪ੍ਰਬੰਧਾਂ ਲਈ ਪੁਲਿਸ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਦੇ ਸਹਾਇਕ ਕਮਿਸ਼ਨਰਾਂ, ਇੰਸਪੈਕਟਰਾਂ ਤੇ ਕਮਾਂਡਰਾਂ ਸਮੇਤ 20,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904