ਜਦੋਂ ਤੁਸੀਂ ਬੱਚਿਆਂ ਨਾਲ ਪ੍ਰਜਣਨ ਤੇ ਸੈਕਸ ਬਾਰੇ ਗੱਲ ਕਰਦੇ ਹੋ, ਤਾਂ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਜੋ ਕੁਝ ਵੀ ਆਖ ਰਹੇ ਹੋ, ਉਸ ਦੀ ਬੱਚਿਆਂ ਨੂੰ ਸਮਝ ਜ਼ਰੂਰ ਆਉਣੀ ਚਾਹੀਦੀ ਹੈ। ਤੁਹਾਡੀ ਸ਼ਬਦਾਵਲੀ ਬਿਲਕੁਲ ਵਾਜਬ ਹੋਣੀ ਚਾਹੀਦੀ ਹੈ। ਤੁਹਾਨੂੰ ਬੱਚਿਆਂ ਨੂੰ ਸਭ ਕੁਝ ਇੱਕੋ ਵਾਰੀ ’ਚ ਹੀ ਸਮਝਾਉਣ ’ਤੇ ਵੀ ਜ਼ੋਰ ਨਹੀਂ ਦੇਣਾ ਚਾਹੀਦਾ। ਨਿੱਕੇ ਬੱਚਿਆਂ ਨੂੰ ਸੈਕਸ ਨਾਲੋਂ ਗਰਭ ਅਵਸਥਾ ਤੇ ਬੱਚਿਆਂ ਬਾਰੇ ਜਾਣਨ ’ਚ ਵਧੇਰੇ ਦਿਲਚਸਪੀ ਹੁੰਦੀ ਹੈ।

 

ਬੱਚਿਆਂ ਨੂੰ ਸੈਕਸ ਸਿੱਖਿਆ ਦੇਣ ਲਈ ਸੈਕਸੁਐਲਿਟੀ ਤੇ ਪ੍ਰਜਣਨ ਬਾਰੇ ਛੋਟੀ ਉਮਰ ’ਚ ਹੀ ਲੋੜੀਂਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੇ ਕਿਸ਼ੋਰ ਅਵਸਥਾ ’ਚ ਪੁੱਜਣ ਤੋਂ ਪਹਿਲਾਂ ਹੀ ਇਸ ਵਿਸ਼ੇ ਉੱਤੇ ਉਨ੍ਹਾਂ ਨਾਲ ਗੱਲਬਾਤ ਅਰੰਭੀ ਜਾ ਸਕਦੀ ਹੈ। ਬੱਚਿਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਕ ਉਨ੍ਹਾਂ ਦੇ ਤੁਰੰਤ ਸਮਝ ਆਉਣ ਵਾਲੀ ਭਾਸ਼ਾ ਵਿੱਚ ਇਹ ਸਭ ਗਿਆਨ ਦੇਣਾ ਚਾਹੀਦਾ ਹੈ।

 
ਨਿੱਕੇ ਬੱਚੇ: 13 ਤੋਂ 24 ਮਹੀਨਿਆਂ ਤੱਕ ਦੇ
ਬੱਚੇ ਸਰੀਰਕ ਅੰਗਾਂ ਦੇ ਨਾਂ ਇਸ ਉਮਰ ’ਚ ਲੈ ਸਕਦੇ ਹਨ ਤੇ ਉਨ੍ਹਾਂ ਨੂੰ ਪ੍ਰਜਣਨ ਅੰਗਾਂ ਦੇ ਨਾਂ ਵੀ ਦੱਸਣੇ ਚਾਹੀਦੇ ਹਨ। ਇੰਝ ਉਹ ਸਿਹਤ, ਕੋਈ ਸੱਟ ਲੱਗਣ ਜਾਂ ਕੋਈ ਜਿਨਸੀ ਸ਼ੋਸ਼ਣ ਹੋਣ ਨਾਲ ਸਬੰਧਤ ਮਾਮਲਿਆਂ ਬਾਰੇ ਬਿਹਤਰ ਤਰੀਕੇ ਗੱਲ ਕਰ ਸਕਣਗੇ। ਇੰਝ ਉਨ੍ਹਾਂ ਨੂੰ ਇਹ ਸਮਝ ਪਵੇਗਾ ਕਿ ਇਹ ਪ੍ਰਜਣਨ ਅੰਗ ਵੀ ਸਰੀਰ ਦੇ ਬਾਕੀ ਅੰਗਾਂ ਵਰਗੇ ਹੀ ਹਨ ਤੇ ਉਨ੍ਹਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ।

 
ਦੋ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮਰਦ ਤੇ ਔਰਤ ਵਿਚਲੇ ਫ਼ਰਕ ਦੀ ਸਮਝ ਆ ਜਾਂਦੀ ਹੈ। ਉਨ੍ਹਾਂ ਨੂੰ ‘ਲਿੰਗ’ ਤੇ ‘ਯੋਨੀ’ ਜਿਹੇ ਸ਼ਬਦਾਂ ਤੋਂ ਜਾਣੂ ਕਰਵਾਉਣ ਦੀ ਲੋੜ ਹੁੰਦੀ ਹੈ। ਬੱਚਿਆਂ ਵਿੱਚ ਅਕਸਰ ਆਪਣੇ ਗੁਪਤ ਅੰਗ ਛੋਹਣ ਦੀ ਦਿਲਚਸਪੀ ਹੁੰਦੀ ਹੈ ਪਰ ਅਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਇਨ੍ਹਾਂ ਅੰਗਾਂ ਨੂੰ ਏਕਾਂਤਵਾਸ ਵਿੱਚ ਹੀ ਛੋਹਿਆ ਜਾ ਸਕਦਾ ਹੈ, ਕਿਸੇ ਸਾਹਮਣੇ ਨਹੀਂ।

 
ਦੋ ਤੋਂ ਚਾਰ ਸਾਲ ਤੱਕ ਦੇ ਬੱਚੇ
ਇਸ ਉਮਰ ਵਰਗ ਦੇ ਬੱਚਿਆਂ ਨੂੰ ਮਰਦ ਦੇ ਆਂਡੇ (ਸਪਰਮ) ਤੇ ਔਰਤ ਦੇ ਆਂਡੇ (ਓਵਮ) ਜਿਹੀਆਂ ਬੁਨਿਆਦੀ ਗੱਲਾਂ ਬਾਰੇ ਸਮਝਾਇਆ ਜਾ ਸਕਦਾ ਹੈ। ਉਹ ਸਮਝ ਸਕਦੇ ਹਨ ਕਿ ਬੱਚੇਦਾਨੀ ਵਿੱਚ ਬੱਚਾ ਕਿਵੇਂ ਪ੍ਰਫ਼ੁੱਲਤ ਹੁੰਦਾ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਜਨਮ ਦੀ ਕਹਾਣੀ ਸਮਝਾਈ ਜਾ ਸਕਦੀ ਹੈ ਤੇ ਇਹ ਸਮਝਾਇਆ ਜਾ ਸਕਦਾ ਹੈ ਕਿ ਪਰਿਵਾਰ ਕੇਵਲ ਇਸ ਤਰੀਕੇ ਨਾਲ ਹੀ ਬਣਦੇ ਹਨ।

 
ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਸਰੀਰ ਆਪਣਾ ਖ਼ੁਦ ਦਾ ਹੈ ਤੇ ਕੋਈ ਵੀ ਹੋਰ ਵਿਅਕਤੀ ਉਨ੍ਹਾਂ ਦੀ ਇਜਾਜ਼ਤ ਤੋਂ ਬਗ਼ੈਰ ਉਸ ਨੂੰ ਛੋਹ ਨਹੀਂ ਸਕਦਾ। ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦੂਜੇ ਲੋਕ ਉਨ੍ਹਾਂ ਦੇ ਸਰੀਰ ਨੂੰ ਇੱਕ ਖ਼ਾਸ ਹੱਦ ਤੱਕ ਹੀ ਛੋਹ ਸਕਦੇ ਹਨ, ਹੋਰ ਤਰੀਕੇ ਨਹੀਂ। ਪ੍ਰਜਣਨ ਅੰਗਾਂ ਨੂੰ ਹੋਰ ਕੋਈ ਵਿਅਕਤੀ ਛੋਹ ਨਹੀਂ ਸਕਦਾ। ਉਨ੍ਹਾਂ ਨੂੰ ਸਮਝਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਮਾਪੇ ਤੇ ਡਾਕਟਰ ਹੀ ਉਨ੍ਹਾਂ ਅੰਗਾਂ ਨੂੰ ਛੋਹ ਸਕਦੇ ਹਨ।

ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਹ ਵੀ ਕਿਸੇ ਹੋਰ ਦੇ ਪ੍ਰਜਣਨ ਅੰਗ ਨੂੰ ਛੋਹ ਨਹੀਂ ਸਕਦੇ। ਬੱਚਿਆਂ ਨੂੰ ਉਨ੍ਹਾਂ ਦੀਆਂ ਸੀਮਾਵਾਂ ਬਾਰੇ ਜ਼ਰੂਰ ਦੱਸਣਾ ਤੇ ਸਮਝਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਗੁਪਤ ਅੰਗਾਂ ਨੂੰ ਸਦਾ ਢਕ ਕੇ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਬੇਪਰਦਾ ਕਦੋਂ ਕਰਨਾ ਚਾਹੀਦਾ ਹੈ।

ਪੰਜ ਤੋਂ ਅੱਠ ਸਾਲ ਉਮਰ ਦੇ ਬੱਚੇ
ਇਸ ਉਮਰ ਦੇ ਬੱਚਿਆਂ ਨੂੰ ਸਮਲਿੰਗਕਤਾ ਤੇ ਆਮ ਸੈਕਸ ਰੁਝਾਨ ਬਾਰੇ ਸਮਝਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਕਿਸੇ ਵਿਅਕਤੀ ਦਾ ਲਿੰਗ ਉਸ ਦੇ ਗੁਪਤ ਅੰਗਾਂ ਉੱਤੇ ਨਿਰਧਾਰਤ ਨਹੀਂ ਹੁੰਦਾ। ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਨਿੱਜਤਾ ਤੇ ਭੇਤਦਾਰੀ ਕੀ ਹੁੰਦੀ ਹੈ, ਨਗਨਤਾ ਕੀ ਹੁੰਦੀ ਹੈ ਤੇ ਸਬੰਧਾਂ ਵਿੱਚ ਹੋਰਨਾਂ ਦਾ ਆਦਰ-ਮਾਣ ਕਿਵੇਂ ਰੱਖਣਾ ਹੈ।

 

ਇਸ ਉਮਰ ਦੇ ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਕੰਪਿਊਟਰ ਤੇ ਮੋਬਾਇਲ ਉਪਕਰਣਾਂ ਦੀ ਸੁਰੱਖਿਅਤ ਵਰਤੋਂ ਕਿਵੇਂ ਕਰਨੀ ਹੈ। ਅਜਨਬੀਆਂ ਨਾਲ ਗੱਲ ਕਰਨ ਦੇ ਤੌਰ-ਤਰੀਕੇ ਸਮਝਾਉਣੇ ਚਾਹੀਦੇ ਹਨ ਅਤੇ ਇਹ ਸਭ ਡਿਜੀਟਲ ਸੰਦਰਭ ਵਿੱਚ ਜ਼ਰੂਰ ਸਮਝਾਉਣਾ ਚਾਹੀਦਾ ਹੈ। ਆਨਲਾਈਨ ਫ਼ੋਟੋਆਂ ਕਿਵੇਂ ਸ਼ੇਅਰ ਕੀਤੀਆਂ ਜਾ ਸਕਦੀਆਂ ਹਨ ਅਤੇ ਜੇ ਕੋਈ ਹੋਰ ਵਿਅਕਤੀ ਆੱਨਲਾਈਨ ਉਨ੍ਹਾਂ ਨੂੰ ਅਸੁਵਿਧਾ ਦੇਵੇ, ਤਦ ਕੀ ਕਰਨਾ ਚਾਹੀਦਾ ਹੈ।

 

ਬੱਚਿਆਂ ਨੂੰ 10 ਸਾਲ ਦੀ ਉਮਰ ਤੋਂ ਪਹਿਲਾਂ ਪ੍ਰਜਣਨ ਅੰਗਾਂ ਵਿੱਚ ਆਉਣ ਵਾਲੀਆਂ ਸੰਭਾਵੀ ਤਬਦੀਲੀਆਂ ਤੇ ਵਿਕਾਸ ਬਾਰੇ ਸਮਝਾਇਆ ਜਾ ਸਕਦਾ ਹੈ। ਮੁੰਡਿਆਂ ਤੇ ਕੁੜੀਆਂ ਨੂੰ ਅਜਿਹੇ ਸਬਕ ਵੱਖੋ-ਵੱਖਰੇ ਨਹੀਂ, ਸਗੋਂ ਸਾਂਝੇ ਤੌਰ ’ਤੇ ਦੇਣੇ ਚਾਹੀਦੇ ਹਨ। ਬੱਚਿਆਂ ਨੂੰ ਸਰੀਰ ਦੀ ਸਾਫ਼-ਸਫ਼ਾਈ ਰੱਖਣ ਤੇ ਆਪਣੀ ਦੇਖਭਾਲ ਆਪ ਕਰਨ ਦੇ ਤਰੀਕੇ ਸਮਝਾਉਣੇ ਚਾਹੀਦੇ ਹਨ। ਜਿੰਨੀ ਛੇਤੀ ਤੁਸੀਂ ਬੱਚਿਆਂ ਨੂੰ ਇਸ ਬਾਰੇ ਸਮਝਾ ਦੇਵੋਗੇ, ਓਨਾ ਹੀ ਠੀਕ ਰਹੇਗਾ।

 

ਮਨੁੱਖੀ ਪ੍ਰਜਣਨ ਬਾਰੇ ਬੱਚਿਆਂ ਨੂੰ ਸਮਝਾਇਆ ਜਾ ਸਕਦਾ ਹੈ। ਸੰਭੋਗ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਪ੍ਰਜਣਨ ਦੇ ਹੋਰ (ਮੈਡੀਕਲ) ਤਰੀਕਿਆਂ ਬਾਰੇ ਵੀ ਸਮਝਾਉਣਾ ਚਾਹੀਦਾ ਹੈ।

 
ਨੌਂ ਤੋਂ 12 ਸਾਲ ਤੱਕ ਦੀ ਉਮਰ ਦੇ ਬੱਚੇ
ਇਸ ਉਮਰ ਦੇ ਬੱਚਿਆਂ ਨੂੰ ਸੁਰੱਖਿਅਤ ਸੈਕਸ ਤੇ ਗਰਭ–ਨਿਰੋਧਕ ਬਾਰੇ ਸਮਝਾਇਆ ਜਾ ਸਕਦਾ ਹੈ। ਗਰਭਅਵਸਥਾ ਬਾਰੇ ਇਹ ਬੱਚੇ ਆਸਾਨੀ ਨਾਲ ਸਮਝ ਸਕਦੇ ਹਨ। ਉਨ੍ਹਾਂ ਨੂੰ ਸੈਕਸ ਰਾਹੀਂ ਲੱਗਣ ਵਾਲੀਆਂ ਛੂਤਾਂ ਤੇ ਲਾਗਾਂ ਬਾਰੇ ਵੀ ਸਮਝਾਇਆ ਜਾ ਸਕਦਾ ਹੈ।

 

ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿਵੇਂ ਮੁੰਡੇ ਤੇ ਕੁੜੀ ਦੇ ਸਬੰਧ ਸਕਾਰਾਤਮਕ ਬਣਦੇ ਹਨ ਅਤੇ ਕਿਵੇਂ ਮਾੜੇ ਸਬੰਧ ਸਿੱਧ ਹੁੰਦੇ ਹਨ। ਬੱਚਿਆਂ ਨੂੰ ਇੰਟਰਨੈੱਟ ਸੁਰੱਖਿਆ, ਧੱਕੇਸ਼ਾਹੀ ਤੇ ਅਸ਼ਲੀਲ ਸੈਕਸ ਮੈਸੇਜਸ ਬਾਰੇ ਸਮਝਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਨਗਨ ਤਸਵੀਰਾਂ ਕਦੇ ਕਿਸੇ ਹੋਰ ਨਾਲ ਸ਼ੇਅਰ ਨਹੀਂ ਕਰਨੀਆਂ।

 
13 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚੇ
ਇਸ ਉਮਰ ਦੇ ਬੱਚਿਆਂ ਨੂੰ ਮਾਹਵਾਰੀ ਤੇ ਰਾਤ ਨੂੰ ਸੁੱਤੇ ਸਮੇਂ ਵੀਰਜ ਦਾ ਨਿੱਕਲ ਜਾਣਾ ਤੇ ਅਜਿਹੀਆਂ ਹੋਰ ਗੱਲਾਂ ਬਾਰੇ ਵਧੇਰੇ ਵਿਸਥਾਰ ਨਾਲ ਸਮਝਾਇਆ ਜਾ ਸਕਦਾ ਹੈ। ਇੰਝ ਹੀ ਉਨ੍ਹਾਂ ਨੂੰ ਗਰਭਕਾਲ ਅਤੇ ਸੈਕਸ ਰਾਹੀਂ ਲੱਗਣ ਵਾਲੀਆਂ ਛੂਤਾਂ ਬਾਰੇ ਖੁੱਲ੍ਹ ਕੇ ਦੱਸਿਆ ਜਾ ਸਕਦਾ ਹੈ।

 

ਇਸ ਉਮਰ ਦੇ ਬੱਚਿਆਂ ਨੂੰ ਅਲਕੋਹਲ ਤੇ ਹੋਰ ਨਸ਼ਿਆਂ ਦੀ ਦੁਰਵਰਤੋਂ ਬਾਰੇ ਵੀ ਸਮਝਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਤੰਦਰੁਸਤ ਅਤੇ ਗ਼ੈਰ-ਤੰਦਰੁਸਤ ਸਬੰਧਾਂ ਬਾਰੇ ਸਮਝਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਹਮਉਮਰਾਂ ਵੱਲੋਂ ਪਾਏ ਜਾਣ ਵਾਲੇ ਦਬਾਵਾਂ ਤੇ ਸੈਕਸ ਸਬੰਧਾਂ ਤੇ ਹੋਰ ਮੁਲਾਕਾਤਾਂ ਬਾਰੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹ ਸਭ ਦੱਸਿਆ ਜਾ ਸਕਦਾ ਹੈ।