Health Tips: ਜਦੋਂ ਵੀ ਕੱਪੜਿਆਂ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਕੋਈ ਟਾਈਟ ਫਿੱਟ ਕੱਪੜੇ ਪਹਿਨਣਾ ਪਸੰਦ ਕਰਦੇ ਹਨ ਤਾਂ ਜੋ ਉਹ ਪਤਲੇ ਦਿਖਾਈ ਦੇ ਸਕਣ। ਸਕਿਨ ਜੀਨਸ ਅੱਜ ਦੇ ਸਮੇਂ 'ਚ ਇੱਕ ਫੈਸ਼ਨ ਸਿੰਬਲ ਬਣ ਗਿਆ ਹੈ। ਇਸ ਤਰ੍ਹਾਂ ਦੀ ਜੀਨਸ ਖ਼ਾਸਕਰ ਕੁੜੀਆਂ ਨੂੰ ਬਹੁਤ ਪਸੰਦ ਆਉਂਦੀ ਹੈ।

ਭਾਵੇਂ ਇਸ ਤਰ੍ਹਾਂ ਦੀ ਜੀਨਸ ਪਹਿਨਣ ਨਾਲ ਸਮਾਰਟ ਲੁੱਕ ਮਿਲਦੀ ਹੈ ਪਰ ਇਹ ਵੀ ਸੱਚ ਹੈ ਕਿ ਇਹ ਸਿਹਤ ਲਈ ਖ਼ਤਰਨਾਕ ਵੀ ਹੈ। ਜੀ ਹਾਂ, ਡਾਕਟਰਾਂ ਮੁਤਾਬਕ ਖੂਬਸੂਰਤ ਦਿਖਣ ਦੇ ਚੱਕਰ 'ਚ ਕੁੜੀਆਂ ਇਹ ਭੁੱਲ ਜਾਂਦੀਆਂ ਹਨ ਕਿ ਇਹ ਜੀਨਸ ਸਾਡੇ ਸਰੀਰ ਤੇ ਸਿਹਤ ਲਈ ਕਿੰਨੀ ਹਾਨੀਕਾਰਕ ਹੋ ਸਕਦੀ ਹੈ। ਆਓ ਜਾਣਦੇ ਹਾਂ ਸਕਿਨ ਜੀਨਸ ਪਹਿਨਣ ਨਾਲ ਕਿਹੜੀਆਂ ਬੀਮਾਰੀਆਂ ਹੋ ਸਕਦੀਆਂ ਹਨ?

1. ਖੂਨ ਸੰਚਾਰ
ਤੰਗ ਕੱਪੜੇ ਪਾਉਣ ਨਾਲ ਜੋੜਾਂ ਦੀ ਗਤੀਵਿਧੀ 'ਚ ਰੁਕਾਵਟ ਆਉਂਦੀ ਹੈ, ਜਿਸ ਨਾਲ ਮਾਸਪੇਸ਼ੀਆਂ ਤੰਗ ਹੋ ਜਾਂਦੀਆਂ ਹਨ ਤੇ ਖੂਨ ਸੰਚਾਰ 'ਚ ਰੁਕਾਵਟ ਆਉਂਦੀ ਹੈ। ਇਸ ਨਾਲ ਸਰੀਰ 'ਚ ਦਰਦ, ਸੋਜ, ਨਾੜੀਆਂ 'ਤੇ ਦਬਾਅ ਪੈਣ ਕਾਰਨ ਵੈਰੀਕੋਜ਼ ਵੇਨਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

2. ਕਮਰ ਦਰਦ
ਸਕਿਨੀ ਜਾਂ ਲੋਅ ਵੇਸਟ ਜੀਨਸ ਪਹਿਨਣ ਨਾਲ ਕਮਰ ਦੀਆਂ ਮਾਸਪੇਸ਼ੀਆਂ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਕਮਰ ਦੇ ਜੋੜ ਦੀ ਗਤੀ ਪ੍ਰਭਾਵਿਤ ਹੁੰਦੀ ਹੈ। ਇੰਨਾ ਹੀ ਨਹੀਂ, ਇਸ ਕਾਰਨ ਕਮਰ ਰੀੜ੍ਹ ਦੀ ਹੱਡੀ 'ਤੇ ਵੀ ਅਸਰ ਪੈਂਦਾ ਹੈ, ਜਿਸ ਕਾਰਨ ਕਮਰ 'ਚ ਦਰਦ ਮਹਿਸੂਸ ਹੋਣ ਲੱਗਦਾ ਹੈ।

3. ਡੀਪ ਵੇਨ ਥ੍ਰੋਮਬੋਸਿਸ
ਜਿਹੜੇ ਲੋਕ ਆਪਣੇ ਸਰੀਰ ਨੂੰ ਲੰਬੇ ਸਮੇਂ ਤੱਕ ਤੰਗ ਕੱਪੜਿਆਂ 'ਚ ਬੰਨ੍ਹ ਕੇ ਰੱਖਦੇ ਹਨ, ਉਨ੍ਹਾਂ ਨੂੰ ਇਹ ਸਮੱਸਿਆ ਹੋ ਸਕਦੀ ਹੈ। ਇਹ ਇੱਕ ਅਜਿਹੀ ਸਮੱਸਿਆ ਹੈ ਜਿਸ 'ਚ ਵਿਅਕਤੀ ਨੂੰ ਲੱਤ ਦੇ ਅੰਦਰ ਵਾਲੀਆਂ ਨਾੜੀਆਂ 'ਚ ਗੰਢ ਪੈ ਸਕਦੀ ਹੈ। ਇਹ ਨਾੜੀਆਂ ਸਾਡੇ ਦਿਲ ਤੋਂ ਪੈਰਾਂ ਤੱਕ ਖੂਨ ਪਹੁੰਚਾਉਂਦੀਆਂ ਹਨ। ਉਨ੍ਹਾਂ ਦੇ ਕੰਮ 'ਚ ਦਬਾਅ ਪੈ ਜਾਂਦਾ ਹੈ, ਜਿਸ ਕਾਰਨ ਖੂਨ ਦੇ ਵਹਾਅ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ।

4. ਫਰਟਿਲਿਟੀ
ਬਹੁਤ ਜ਼ਿਆਦਾ ਤੰਗ ਕੱਪੜੇ ਪਹਿਨਣ ਨਾਲ ਪਿਸ਼ਾਬ ਨਾਲੀ 'ਚ ਇਨਫੈਕਸ਼ਨ ਹੋ ਸਕਦਾ ਹੈ, ਜਿਸ ਕਾਰਨ ਬਲੈਡਰ ਤੇਜ਼ੀ ਨਾਲ ਕੰਮ ਕਰਦਾ ਹੈ ਕਮਜ਼ੋਰ ਪੈ ਜਾਂਦਾ ਹੈ। ਇੰਨਾ ਹੀ ਨਹੀਂ ਸ਼ੁਕਰਾਣੂਆਂ ਦੀ ਮਾਤਰਾ ਘੱਟਣ ਲੱਗਦੀ ਹੈ ਤੇ ਫੰਗਲ ਇਨਫੈਕਸ਼ਨ ਵੀ ਹੋਣ ਲੱਗਦੀ ਹੈ।

5. ਢਿੱਡ ਦਰਦ
ਟਾਈਟ ਜੀਨਸ ਸਾਡੇ ਢਿੱਡ ਦੇ ਹੇਠਲੇ ਹਿੱਸੇ 'ਤੇ ਲੰਬੇ ਸਮੇਂ ਤੱਕ ਬੰਨ੍ਹੀ ਰਹਿੰਦੀ ਹੈ। ਇਸ ਨਾਲ ਸਾਡੇ ਢਿੱਡ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਐਸਿਡ ਰਿਫਲੈਕਸ ਤੇ ਯੂਰਿਨ ਬਲੈਡਰ 'ਤੇ ਦਬਾਅ ਪੈਂਦਾ ਹੈ। ਇਸ ਨਾਲ ਮਾਸਪੇਸ਼ੀਆਂ 'ਚ ਦਰਦ, ਜਲਨ ਤੇ ਪਿਸ਼ਾਬ 'ਚ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।

6. ਕੈਂਡਿਡਾ ਯੀਸਟ ਇਨਫੈਕਸ਼ਨ
ਯੀਸਟ ਇਨਫੈਕਸ਼ਨ ਇਕ ਤਰ੍ਹਾਂ ਦੇ ਫੰਗਸ ਕਾਰਨ ਹੁੰਦਾ ਹੈ, ਜਿਸ ਨੂੰ ਕੈਂਡਿਡਾ ਕਿਹਾ ਜਾਂਦਾ ਹੈ। ਇਹ ਦੇਖਿਆ ਗਿਆ ਹੈ ਕਿ ਤੰਗ ਕੱਪੜੇ ਪਹਿਨਣ ਨਾਲ ਗੁਪਤ ਅੰਗਾਂ 'ਚ ਬਹੁਤ ਜਲਦੀ ਨਮੀ ਪੈਦਾ ਹੋਣ ਲੱਗਦੀ ਹੈ, ਜਿਸ ਨਾਲ ਫੰਗੀ ਤੇ ਸੂਖਮ ਜੀਵਾਣੂਆਂ ਵੱਲੋਂ ਬਹੁਤ ਸਾਰੇ ਇਨਫੈਕਸ਼ਨ ਹੋ ਸਕਦੇ ਹਨ। ਇਸ ਲਈ ਅਗਲੀ ਵਾਰ ਜਦੋਂ ਵੀ ਤੁਸੀਂ ਟਾਈਟ ਜੀਨਸ ਖਰੀਦਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ।

7. ਬੇਹੋਸ਼ੀ
ਤੰਗ ਕੱਪੜੇ ਪਹਿਨਣ ਨਾਲ ਅਸੀਂ ਆਪਣੇ ਫੇਫੜਿਆਂ ਨੂੰ ਸਾਹ ਲੈਣ ਲਈ ਜਗ੍ਹਾ ਨਹੀਂ ਦੇ ਪਾਉਂਦੇ, ਜਿਸ ਕਾਰਨ ਸਾਡੇ ਸਾਹ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ ਤੇ ਆਕਸੀਜਨ ਦੀ ਮਾਤਰਾ ਵੀ ਘਟਣ ਲੱਗਦੀ ਹੈ।