Ludhiana News : ਲੁਧਿਆਣਾ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਗੋਲੀ ਲੱਗਣ ਨਾਲ ਮੌਤ , ਪਰਿਵਾਰ ਨੇ ਲਗਾਇਆ ਕਤਲ ਦਾ ਆਰੋਪ
Ludhiana News : ਲੁਧਿਆਣਾ ਜ਼ਿਲ੍ਹੇ ਦੇ ਹੈਬੋਵਾਲ ਇਲਾਕੇ ਦੇ ਲਕਸ਼ਮੀ ਨਗਰ 'ਚ ਬੀਏ ਦੇ ਇੱਕ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪੰਕਜ ਵਜੋਂ ਹੋਈ, ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Ludhiana News : ਲੁਧਿਆਣਾ ਜ਼ਿਲ੍ਹੇ ਦੇ ਹੈਬੋਵਾਲ ਇਲਾਕੇ ਦੇ ਲਕਸ਼ਮੀ ਨਗਰ 'ਚ ਬੀਏ ਦੇ ਇੱਕ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪੰਕਜ ਵਜੋਂ ਹੋਈ, ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਤੋਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮ੍ਰਿਤਕ ਦੇ ਪਿਤਾ ਮਨੋਜ ਕੁਮਾਰ ਨੇ ਦੱਸਿਆ ਕਿ ਪੰਕਜ ਆਰੀਆ ਕਾਲਜ ਦਾ ਵਿਦਿਆਰਥੀ ਸੀ। ਉਹ ਦੁਪਹਿਰ 3 ਵਜੇ ਦੇ ਕਰੀਬ ਖਾਣਾ ਖਾਣ ਤੋਂ ਬਾਅਦ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਦੋਸਤਾਂ ਨੂੰ ਮਿਲਣ ਜਾ ਰਿਹਾ ਹੈ। ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 9 ਵਜੇ ਸੂਚਨਾ ਮਿਲੀ ਕਿ ਪੰਕਜ ਦਾ ਐਕਸੀਡੈਂਟ ਹੋ ਗਿਆ ਹੈ। ਹਾਲਾਂਕਿ ਮੌਕੇ 'ਤੇ ਪਹੁੰਚਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਕਜ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ।
ਹਾਦਸਾ ਜਾਂ ਕਤਲ?
ਸ਼ੁਰੂਆਤੀ ਜਾਣਕਾਰੀ ਅਨੁਸਾਰ ਪੰਕਜ ਆਪਣੇ ਦੋਸਤਾਂ ਨਾਲ ਸੀ। ਸ਼ੁਰੂ ਵਿੱਚ ਇਹ ਅਫਵਾਹ ਸੀ ਕਿ ਦੋਸਤਾਂ ਦਾ ਐਕਸੀਡੈਂਟ ਹੋਇਆ ਹੈ ਪਰ ਸਰੀਰ 'ਤੇ ਗੋਲੀ ਦੇ ਨਿਸ਼ਾਨ ਮਿਲਣ ਨਾਲ ਮਾਮਲਾ ਪੂਰੀ ਤਰ੍ਹਾਂ ਬਦਲ ਗਿਆ। ਹੁਣ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਗੋਲੀ ਗਲਤੀ ਨਾਲ ਚੱਲੀ ਸੀ ਜਾਂ ਗੋਲੀ ਕਿਸੇ ਨੇ ਮਾਰੀ ਹੈ।
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ
ਐਸਐਚਓ ਹੈਬੋਵਾਲ ਨੇ ਕਿਹਾ ਕਿ ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਪੀੜਤ ਪਰਿਵਾਰ ਦੇ ਬਿਆਨ ਲੈ ਲਏ ਗਏ ਹਨ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਘਟਨਾ ਸਥਾਨ 'ਤੇ ਮੌਜੂਦ ਦੋਸਤਾਂ ਦੀ ਭੂਮਿਕਾ ਅਤੇ ਵਰਤੇ ਗਏ ਹਥਿਆਰ ਦੀ ਜਾਂਚ ਜਾਰੀ ਹੈ।
ਪੰਕਜ ਦੇ ਪਿਤਾ ਸਾਈਕਲ ਰਿਪੇਅਰ ਦਾ ਕੰਮ ਕਰਦੇ ਹਨ ਅਤੇ ਉਸਦੀ ਮਾਂ ਇੱਕ ਘਰੇਲੂ ਔਰਤ ਹੈ। ਇਕਲੌਤੇ ਭਰਾ ਦੀ ਮੌਤ 'ਤੇ ਉਸਦੀ ਭੈਣ ਅਤੇ ਮਾਪਿਆਂ ਦਾ ਰੋ -ਰੋ ਬੁਰਾ ਹਾਲ ਹੈ।























