ਚੰਡੀਗੜ੍ਹ: ਪੰਜਾਬ (Punjab) ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ (health Bulletin ) ਮੁਤਾਬਕ 18 ਅਪਰੈਲ 2020 ਸ਼ਾਮ 6 ਵਜੇ ਤੱਕ ਪੰਜਾਬ ‘ਚ ਕੋਰੋਨਾਵਾਇਰਸ (Coronavirus) ਦੇ 6167 ਨਮੂਨੇ ਲਏ ਗਏ, ਜਿਨ੍ਹਾਂ ਚੋਂ 219 ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਇਸੇ ਤਰ੍ਹਾਂ 5354 ਦੀ ਰਿਪੋਰਟ ਨੈਗੇਟਿਵ ਅਤੇ 594 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਕੋਰੋਨਾਵਾਇਰਸ ਕਾਰਨ ਹੁਣ ਤੱਕ ਸੂਬੇ ‘ਚ 16 ਲੋਕਾਂ ਦੀ ਮੌਤ ਹੋਈ ਹੈ।


ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਕੁਝ ਸਮਾਂ ਪਹਿਲਾਂ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦੀ ਹਸਪਤਾਲ ‘ਚ ਮੌਤ ਹੋ ਗਈ। ਉਹ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸੀ। ਉਨ੍ਹਾਂ ਦੀ ਕੋਰੋਨਾ ਰਿਪੋਰਟ 13 ਅਪਰੈਲ ਨੂੰ ਪੌਜ਼ੇਟਿਵ ਆਈ ਸੀ। ਇਸ ਦੇ ਨਾਲ ਹੀ ਲੁਧਿਆਣਾ ‘ਚ ਮੌਤਾਂ ਦਾ ਅੰਕੜਾ 5 ਹੋ ਗਿਆ ਹੈ। ਪੰਜਾਬ ਵਿਚ ਇਹ ਕੋਰੋਨਾ ਵਾਇਰਸ ਨਾਲ 16ਵੀਂ ਮੌਤ ਹੈ।



ਕੋਰੋਨਾਵਾਇਰਸ ਨੂੰ ਰੋਕਣ ਲਈ ਲੌਕਡਾਊਨ ਕਾਰਨ ਦੇਸ਼ ਦੇ ਕਈ ਸੂਬਿਆਂ ਦੇ ਹਿੱਸਿਆਂ ‘ਚ ਸੰਕਰਮਣ ‘ਤੇ ਕਾਬੂ ਪਾਇਆ ਗਿਆ ਹੈ। ਇਸ ਦੇ ਨਾਲ ਹੀ ਸਿਹਤ ਮੰਤਰਾਲੇ ਨੇ ਕਿਹਾ ਕਿ 23 ਸੂਬਿਆਂ ਦੇ 47 ਜ਼ਿਲ੍ਹਿਆਂ ‘ਚ ਘੱਟੋ ਘੱਟ 14 ਦਿਨਾਂ ਤੋਂ ਕੋਈ ਨਵਾਂ ਕੋਰੋਨਾ ਮਰੀਜ਼ ਨਹੀਂ ਆਇਆ, ਜਦੋਂ ਕਿ ਇਨ੍ਹਾਂ ਜ਼ਿਲ੍ਹਿਆਂ ‘ਚ ਕੋਰੋਨਾ ਪੀੜਤ ਮਿਲੇ ਸੀ।