ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦਿਨ-ਬ-ਦਿਨ ਹਜ਼ਾਰਾਂ ਦੀ ਗਿਣਤੀ 'ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ 'ਚ ਹੁਣ ਤਕ ਕੋਰੋਨਾ ਵਾਇਰਸ ਦੇ ਪੰਜ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਵੱਡੀ ਗੱਲ ਇਹ ਹੈ ਕਿ ਦਿੱਲੀ ਪੁਲਿਸ ਦੇ 75 ਤੋਂ ਜ਼ਿਆਦਾ ਜਵਾਨ ਵੀ ਕੋਰੋਨਾ ਪੌਜ਼ੇਟਿਵ ਹਨ। ਇਨ੍ਹਾਂ 'ਚ ਸਿਪਾਹੀ ਤੋਂ ਲੈਕੇ ਇੰਸਪੈਕਟਰ ਰੈਂਕ ਤਕ ਦੇ ਅਧਿਕਾਰੀ ਸ਼ਾਮਲ ਹਨ।


ਪੌਜ਼ੇਟਿਵ ਪੁਲਿਸ ਕਰਮੀਆਂ 'ਚ ਤਬਲੀਗੀ ਜਮਾਤ ਮਾਮਲੇ ਦੀ ਜਾਂਚ ਕਰ ਰਹੀ ਕ੍ਰਾਇਮ ਬ੍ਰਾਂਚ ਟੀਮ ਦੇ ਵੀ ਪੰਜ ਲੋਕ ਸ਼ਾਮਲ ਹਨ। ਪੁਲਿਸ ਥਾਣੇ 'ਚ ਤਾਇਨਾਤ ਸਪੈਸ਼ਲ ਬ੍ਰਾਂਚ 'ਚ ਤਾਇਨਾਤ ਤੇ ਬਾਕੀ ਡਵੀਜ਼ਨਾਂ 'ਚ ਤਾਇਨਾਤ ਪੁਲਿਸ ਕਰਮੀਆਂ ਨੂੰ ਕੋਰੋਨਾ ਵਾਇਰਸ ਹੋਇਆ ਹੈ।

ਪੁਲਿਸ ਕਰਮੀਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਤੋਂ ਬਾਅਦ ਦਿੱਲੀ ਪੁਲਿਸ ਨੇ ਆਪਣੇ ਕਰਮਚਾਰੀਆਂ ਨੂੰ ਦਿੱਲੀ ਤੋਂ ਬਾਹਰ ਨਾ ਭੇਜਣ ਲਈ ਦਿੱਲੀ ਸਰਕਾਰ ਦੇ ਸਕੂਲਾਂ ਦੀਆਂ ਕਈ ਇਮਾਰਤਾਂ ਲੈ ਲਈਆਂ ਹਨ ਤਾਂ ਕਿ ਡਿਊਟੀ ਤੋਂ ਬਾਅਦ ਪੁਲਿਸ ਵਾਲੇ ਇੱਥੇ ਰਹਿ ਸਕਣ।

ਦਿੱਲੀ 'ਚ ਹੁਣ ਤਕ 5,104 ਕੋਰੋਨਾ ਪੌਜ਼ੇਟਿਵ ਮਾਮਲੇ ਹਨ ਜਦਕਿ 64 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੂਬੇ ਚ 448 ਲੋਕ ਠੀਕ ਹੋ ਚੁੱਕੇ ਹਨ।