Viral Video: ਹਾਲ ਹੀ 'ਚ ਬੈਂਗਲੁਰੂ (bengaluru) ਦੇ ਮਸ਼ਹੂਰ ਜੀਟੀ ਮਾਲ (Gt Mall) ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ (Viral Video) ਹੋਈ ਸੀ ਜਿਸ ਵਿੱਚ ਧੋਤੀ ਪਹਿਨੇ ਕਿਸਾਨ ਨੂੰ ਮਾਲ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਭਾਰੀ ਹੰਗਾਮਾ ਹੋਇਆ। ਕਿਸਾਨ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਮਾਲ ਪ੍ਰਬੰਧਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਹੁਣ ਕਰਨਾਟਕ ਦੀ ਸਿੱਧਰਮਈਆ ਸਰਕਾਰ ਨੇ ਕਾਰਵਾਈ ਕੀਤੀ ਹੈ। ਸਰਕਾਰ ਨੇ ਜੀਟੀ ਮਾਲ ਨੂੰ ਸੱਤ ਦਿਨਾਂ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ।


ਦਰਅਸਲ, ਬੈਂਗਲੁਰੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਇੱਕ ਬਜ਼ੁਰਗ ਕਿਸਾਨ ਨੂੰ ਉਸਦੇ ਪਹਿਰਾਵੇ ਕਾਰਨ ਮਾਲ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਕਿਸਾਨ ਆਪਣੇ ਬੇਟੇ ਨਾਲ ਮਾਲ 'ਚ ਫਿਲਮ ਦੇਖਣ ਆਇਆ ਹੋਇਆ ਸੀ। ਇਸ ਘਟਨਾ ਤੋਂ ਦੁਖੀ ਕਿਸਾਨ ਅਤੇ ਉਸਦੇ ਪੁੱਤਰ ਨੇ ਇੱਕ ਵੀਡੀਓ ਵਿੱਚ ਮਾਲ ਦੇ ਸੁਰੱਖਿਆ ਕਰਮਚਾਰੀਆਂ ਅਤੇ ਮੈਨੇਜਰ 'ਤੇ ਗੰਭੀਰ ਦੋਸ਼ ਲਗਾਏ ਹਨ। ਵੀਡੀਓ 'ਚ ਕਿਸਾਨ ਅਤੇ ਉਸ ਦਾ ਬੇਟਾ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਕੱਪੜਿਆਂ ਕਾਰਨ ਉਨ੍ਹਾਂ ਨੂੰ ਮਾਲ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ।


ਇਸ ਘਟਨਾ ਤੋਂ ਨਾਰਾਜ਼ ਸਥਾਨਕ ਕਿਸਾਨ ਯੂਨੀਅਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਮਾਲ ਪ੍ਰਬੰਧਕਾਂ ਤੋਂ ਕਿਸਾਨ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਅਦਾਕਾਰਾ ਤੇ ਮਾਡਲ ਗੌਹਰ ਖਾਨ ਨੇ ਇੰਸਟਾਗ੍ਰਾਮ 'ਤੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਲਿਖਿਆ, "ਇਹ ਬਿਲਕੁੱਲ ਸ਼ਰਮਨਾਕ ਹੈ। ਮਾਲ ਦੇ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਭਾਰਤ ਹੈ ਤੇ ਸਾਨੂੰ ਆਪਣੇ ਸੱਭਿਆਚਾਰ 'ਤੇ ਮਾਣ ਹੋਣਾ ਚਾਹੀਦਾ ਹੈ।"


ਇਹ ਮੁੱਦਾ ਕਰਨਾਟਕ ਵਿਧਾਨ ਸਭਾ ਸੈਸ਼ਨ ਵਿੱਚ ਉਠਾਇਆ ਗਿਆ ਸੀ ਤੇ ਕਰਨਾਟਕ ਦੇ ਸ਼ਹਿਰੀ ਵਿਕਾਸ ਮੰਤਰੀ ਬਿਰਥੀ ਸੁਰੇਸ਼ ਨੇ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਸੀ। ਵਿਧਾਨ ਸਭਾ ਵਿੱਚ ਬੋਲਦੇ ਹੋਏ ਸੁਰੇਸ਼ ਨੇ ਕਿਹਾ, "ਕਾਨੂੰਨ ਦੇ ਅਨੁਸਾਰ, ਸਰਕਾਰ ਸੱਤ ਦਿਨਾਂ ਲਈ ਮਾਲ ਨੂੰ ਬੰਦ ਕਰ ਰਹੀ ਹੈ। ਮੈਂ ਬਰੂਹਤ ਬੇਂਗਲੁਰੂ ਮਿਉਂਸਪਲ ਕਾਰਪੋਰੇਸ਼ਨ (ਬੀਬੀਐਮਪੀ) ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ, ਅਤੇ ਇਸ ਘਟਨਾ ਦੇ ਖਿਲਾਫ ਕਾਰਵਾਈ ਵਜੋਂ ਮਾਲ ਨੂੰ 7 ਦਿਨਾਂ ਲਈ ਬੰਦ ਕੀਤਾ ਜਾਵੇਗਾ।