ਚੰਡੀਗੜ੍ਹ: ਬੀਜੇਪੀ ਤੇ ਕਾਂਗਰਸ ਵੱਲੋਂ ਕਿਸਾਨ ਅੰਦੋਲਨ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇਲਜ਼ਾਮ ਆਮ ਆਦਮੀ ਪਾਰਟੀ ਵੱਲੋਂ ਲਾਇਆ ਗਿਆ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਬਿਨਾਂ ਕਿਸੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਖਤਮ ਕਰਨ ਦੇ ਇਰਾਦਿਆਂ ਨਾਲ ਭਾਜਪਾ ਤੇ ਕਾਂਗਰਸ ਇਸ ਨੂੰ ਫਿਰਕੂ ਰੰਗਤ ਦੇਣ ਦੀਆਂ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਇਸ ਅੰਦੋਲਨ ਨੂੰ ਛੋਟਾ ਦਿਖਾਉਣ ਲਈ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਕਹਿ ਕੇ ਗੁੰਮਰਾਹ ਕਰ ਰਹੀਆਂ ਹਨ, ਜਦਕਿ ਸਾਰੇ ਦੇਸ਼ ਦੇ ਕਿਸਾਨ ਇਸ 'ਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕਿਸੇ ਇਕ ਧਰਮ, ਫਿਰਕੇ, ਵਰਗ ਜਾਂ ਖੇਤਰ ਨਾਲ ਸਬੰਧਤ ਨਹੀਂ, ਸਗੋਂ ਸਾਰੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਟਰਾਂਸਪੋਰਟਰਾਂ ਸਮੇਤ ਖੇਤੀਬਾੜੀ ਨਾਲ ਜੁੜੇ ਤਮਾਮ ਵਪਾਰੀਆਂ-ਕਾਰੋਬਾਰੀਆਂ ਦਾ ਇਕਜੁੱਟ ਅਤੇ ਫੈਸਲਾਕੁੰਨ ਸੰਘਰਸ਼ ਹੈ, ਜਿਹੜੇ ਆਪਣੀ ਹੋਂਦ ਨੂੰ ਬਚਾਈ ਰੱਖਣ ਦੀ ਲੜਾਈ ਲੜ ਰਹੇ ਹਨ। ਜਰਨੈਲ ਸਿੰਘ ਨੇ ਕਿਹਾ ਕਿ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ 'ਤੇ ਪੈਨੀ ਨਜ਼ਰ ਬਣਾਈ ਰੱਖਣ ਲਈ ਕਹਿਣਾ ਗਹਿਰੀ ਸਾਜ਼ਿਸ ਦਾ ਹਿੱਸਾ ਹੈ।
ਆਗੂਆਂ ਨੇ ਕਿਹਾ ਕਿ ਹੁਣ ਭਾਜਪਾ ਦੇ ਨਾਲ ਮਿਲ ਕੇ ਕਾਂਗਰਸ ਨੇ ਵੀ ਇਸ ਅੰਦੋਲਨ ਨੂੰ ਭੜਕਾਉਣ ਲਈ ਭਾਜਪਾ ਵਾਲੀ ਫਿਰਕੂ ਸੋਚ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ, ਜਦਕਿ ਭਾਜਪਾ ਪਹਿਲਾਂ ਹੀ ਕਹਿੰਦੀ ਆ ਰਹੀ ਹੈ ਕਿ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਹੀ ਇਨ੍ਹਾਂ ਖੇਤੀ ਕਾਨੂੰਨਾਂ ਤੋਂ ਦਿੱਕਤ ਕਿਉਂ ਹੈ?
ਉਨ੍ਹਾਂ ਕਿਹਾ ਕਿ ਅਸਲ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਬਾਅ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਿੱਟੂ ਤੋਂ ਅਜਿਹੇ ਬਿਆਨ ਦਵਾ ਰਹੇ ਹਨ ਤਾਂ ਜੋ ਕਿਸਾਨ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ ਅਤੇ ਕਿਸਾਨਾਂ ਨੂੰ ਜਾਤੀ, ਧਰਮ, ਖੇਤਰਵਾਦ 'ਚ ਵੰਡਿਆ ਜਾ ਸਕੇ ਅਤੇ ਲੋਕਾਂ ਤੋਂ ਮਿਲ ਰਿਹਾ ਸਮਰਥਨ ਬੰਦ ਹੋ ਜਾਵੇ। 'ਆਪ' ਆਗੂਆਂ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਅੰਦੋਲਨ ਬਾਰੇ ਵਰਤੇ ਜਾ ਰਹੇ ਅਜਿਹੇ ਵਿਵਾਦਤ ਸ਼ਬਦਾਂ ਦੇ ਪਿਛੇ ਦੀ ਸਾਜਿਸ਼ ਤੋਂ ਸੁਚੇਤ ਰਹਿਣ।