ਕਰਜ਼ੇ ਨੇ ਖਾ ਲਏ ਪੁੱਤ, ਰੋਂਦੇ ਬਜ਼ੁਰਗ ਮਾਪੇ
ਏਬੀਪੀ ਸਾਂਝਾ | 09 Jan 2018 11:53 AM (IST)
ABP ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਮਾਨਸਾ: ਮਾਂ-ਪਿਓ ਦੇ ਦੋ ਪੁੱਤ, ਦੋਵੇਂ ਇਸ ਦੁਨੀਆ ਤੋਂ ਚਲੇ। ਅੱਜ ਮਾਨਸਾ ਦੇ ਪਿੰਡ ਜਟਾਣਾ ਕਲਾਂ 'ਚ ਇਹ ਬਜ਼ੁਰਗ ਜੋੜਾ ਇਕੱਲਤਾ ਹੰਢਾਅ ਰਿਹਾ ਹੈ। 22 ਸਾਲ ਦੀ ਉਮਰ 'ਚ ਬੁੱਧਰਾਜ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ। ਛੋਟਾ ਬੇਟਾ ਸੱਪ ਦੇ ਡੱਸਣ ਕਾਰਨ ਦੁਨੀਆ ਤੋਂ ਚਲਾ ਗਿਆ। ਪਿਤਾ ਕਰਮ ਸਿੰਘ ਜ਼ਿੰਮੀਦਾਰਾਂ ਨਾਲ ਸੀਰੀ ਰਲਦਾ ਸੀ। ਦੋ ਅਪਰੇਸ਼ਨ ਹੋਏ। ਇੱਕ ਅੱਖਾਂ ਦਾ ਤੇ ਦੂਜਾ ਹਰਨੀਆਂ ਦਾ। ਘਰ ਦੀ ਆਰਥਿਕਤਾ ਹਿੱਲ ਗਈ। ਬੇਟਾ ਜਿੰਨੀ ਦਿਹਾੜੀ ਕਮਾਉਂਦਾ ਸੀ, ਉਹ ਕਰਜ਼ੇ ਵਾਲਿਆਂ ਨੂੰ ਦੇਣ 'ਚ ਲੰਘ ਜਾਂਦੀ। ਤਿੰਨ ਲੱਖ ਦਾ ਕਰਜ਼ਾ ਸੀ। ਬੇਟੇ ਬੁੱਧਰਾਜ ਨੇ ਕਦੇ ਕੋਈ ਖ਼ੁਦਕੁਸ਼ੀ ਵਾਲੀ ਗੱਲ ਨਹੀਂ ਕੀਤੀ ਸੀ ਪਰ ਇਕਦਮ ਖੁਦਕੁਸ਼ੀ ਕਰ ਲਈ। ਦੋਵੇਂ ਪੁੱਤ ਜਾਣ ਤੋਂ ਬਾਅਦ ਪਿਤਾ ਹੋਰ ਸੰਕਟਾਂ 'ਚ ਫਸ ਗਏ। ਹੱਥੀਂ ਕੰਮ ਹੁੰਦਾ ਨਹੀਂ ਤੇ ਜ਼ਮੀਨ ਜਾਂ ਕੋਈ ਹੋਰ ਸਾਧਨ ਹੈ ਨਹੀਂ। ਕਰਮ ਸਿੰਘ ਦੀ ਪਤਨੀ ਲੋਕਾਂ ਦਾ ਗੋਹਾ-ਕੂੜਾ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਉੁਹ ਕਹਿੰਦੀ ਹੈ ਮੇਰੀ ਤਾਂ ਬਹਿ ਕੇ ਖਾਣ ਦੀ ਉਮਰ ਸੀ। ਸੋਚਿਆ ਦੀ ਸੀ ਜ਼ਿੰਦਗੀ ਦੇ ਆਖ਼ਰੀ ਸਾਲਾਂ 'ਚ ਬੱਚਿਆਂ ਦਾ ਸੁਖ ਮਿਲੇਗਾ ਪਰ ਸਾਡੀ ਜ਼ਿੰਦਗੀ ਹੀ ਦੁੱਖ ਹੋ ਗਈ। ਸਾਡੇ ਕਰਮ ਮਾੜੇ ਸੀ ਸ਼ਾਇਦ ਇਸੇ ਕਰਕੇ ਸਾਡੇ ਨਾਲ ਇਹ ਹੋ ਰਿਹਾ ਹੈ। ਅਸੀਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਸੀ। ਇਸ ਉਮਰ 'ਚ ਮੈਨੂੰ ਗੋਹਾ-ਕੂੜਾ ਕਰਨਾ ਪੈ ਰਿਹਾ ਹੈ। ਲੋਕਾਂ ਦੀਆਂ ਦਿਹਾੜੀਆਂ ਲਾਉਣ ਜਾਂਦੀ ਹਾਂ। ਕਰਮ ਸਿੰਘ ਨੇ ਕਿਹਾ ਕਿ ਕਿਸੇ ਸਰਕਾਰ ਨੇ ਹੁਣ ਤੱਕ ਸਾਡੀ ਕੋਈ ਗੱਲ ਨਹੀਂ ਸੁਣੀ। ਸਰਕਾਰਾਂ ਸਾਡੇ ਗਰੀਬਾਂ ਦੀ ਨਹੀਂ ਸੁਣਦੀਆਂ। ਸਰਕਾਰਾਂ ਨੂੰ ਸਭ ਤੋਂ ਪਹਿਲਾਂ ਸਾਡੇ ਜਿਹੇ ਲੋਕਾਂ ਦਾ ਹੱਥ ਫੜਣਾ ਚਾਹੀਦਾ ਹੈ।