ਮੁਹਾਲੀ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸੁਮੇਧ ਸਿੰਘ ਸੈਣੀ ਖ਼ਿਲਾਫ਼ ਦਰਜ 29 ਸਾਲ ਪੁਰਾਣੇ ਆਈਐਸ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਕੜੀ ‘ਚ ਜ਼ਿਲ੍ਹਾ ਪੁਲਿਸ ਵਲੋਂ ਇਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਗਈ ਹੈ। ਸੈਣੀ ਨੂੰ ਇਸ ਕੇਸ ਵਿੱਚ ਪਹਿਲਾਂ ਹੀ ਮੁਹਾਲੀ ਜ਼ਿਲ੍ਹਾ ਅਦਾਲਤ ਤੋਂ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ ਸੱਤ ਦਿਨਾਂ ਵਿਚ ਜਾਂਚ ‘ਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ ਹੈ।


ਜਾਣਕਾਰੀ ਅਨੁਸਾਰ ਐਸਆਈਟੀ ਦੀ ਅਗਵਾਈ ਐਸਪੀ ਹਰਮਨਦੀਪ ਹੰਸ ਕਰਨਗੇ। ਉਨ੍ਹਾਂ ਤੋਂ ਇਲਾਵਾ ਡੀਐਸਪੀ ਇਨਵੈਸਟੀਗੇਸ਼ਨ ਬਿਕਰਮਜੀਤ ਸਿੰਘ ਅਤੇ ਮਟੌਰ ਥਾਣੇ ਦੇ ਐਸਐਚਓ ਰਾਜੀਵ ਕੁਮਾਰ ਵੀ ਟੀਮ ਵਿੱਚ ਸ਼ਾਮਲ ਹਨ। ਇਹ ਟੀਮ ਜਲਦੀ ਹੀ ਸੈਣੀ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਬੁਲਾਏਗੀ। ਐਸਆਈਟੀ ਦੇ ਗਠਨ ਦੀ ਪੁਸ਼ਟੀ ਖੁਦ ਹਰਮਨਦੀਪ ਸਿੰਘ ਹੰਸ ਨੇ ਕੀਤੀ ਸੀ। ਜਦਕਿ ਇਸ ਕੇਸ ਵਿੱਚ ਨਾਮਜ਼ਦ ਹੋਰ ਲੋਕ ਨੂੰ ਵੀ ਪੁਲਿਸ ਗ੍ਰਿਫ਼ਤਾਰ ਕਰਨ ਦੀ ਤਿਆਰੀ ਵਿੱਚ ਹੈ।

ਦਸ ਦਈਏ ਕਿ ਇਸ ਮਾਮਲੇ 'ਚ ਇੱਕ ਮਹਿਲਾ ਚਸ਼ਮਦੀਦ ਗਵਾਹ ਸਾਹਮਣੇ ਆਈ ਹੈ। ਪਿਛਲੇ ਹਫ਼ਤੇ ਇਸ ਕੇਸ ‘ਚ ਐਫਆਈਆਰ ਦਰਜ ਹੋਣ ਤੋਂ ਬਾਅਦ ਚਸ਼ਮਦੀਦ ਗਵਾਹ ਵਜੋਂ ਪੇਸ਼ ਹੋਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਗੁਰਸ਼ਰਨ ਕੌਰ ਮਾਨ ਨੇ ਕਿਹਾ ਕਿ ਉਸ ਨੇ ਬਲਵੰਤ ਸਿੰਘ ਮੁਲਤਾਨੀ ਨੂੰ 13 ਦਸੰਬਰ, 1991 ਦੀ ਸਵੇਰ ਨੂੰ ਸੈਕਟਰ 17 ਦੇ ਥਾਣੇ ‘ਚ ਦੇਖਿਆ ਸੀ। ਪੁਲਿਸ ਤਸ਼ੱਦਦ ਤੋਂ ਬਾਅਦ ਉਹ ਅਜਿਹੀ ਭੈੜੀ ਹਾਲਤ ‘ਚ ਸੀ ਕਿ ਦੋ ਕਦਮ ਚੱਲ ਵੀ ਨਹੀਂ ਸਕਦਾ ਸੀ। ਅਜਿਹੀ ਸਥਿਤੀ ‘ਚ ਉਸ ਦੇ ਫਰਾਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।