Ludhian News: ਦੋਰਾਹਾ ਵਿੱਚ ਭਾਰੀ ਮੀਂਹ ਦੌਰਾਨ ਸਰਹਿੰਦ ਨਹਿਰ ਵਿੱਚ ਆਲਟੋ ਕਾਰ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਸਵਾਰ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਹੈ ਹਾਲਾਂਕਿ ਅਜੇ ਤੱਕ ਇਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਾਰ ਦੇ ਨੰਬਰ ਤੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁੱਢਲੀ ਜਾਂਚ ਵਿੱਚ ਕਾਰ ਮੋਗਾ ਦੀ ਦੱਸੀ ਗਈ ਹੈ। 


ਜਾਣਕਾਰੀ ਅਨੁਸਾਰ ਗੁਰਥਲੀ ਨਹਿਰ ਦੇ ਪੁਲ਼ ਨੇੜੇ ਇੱਕ ਅਲਟੋ ਕਾਰ ਨਹਿਰ ਵਿੱਚ ਡਿੱਗਣ ਦਾ ਰੌਲਾ ਪਿਆ ਤਾਂ ਨੇੜੇ ਹੀ ਚੌਕ ਵਿੱਚ ਟਰੈਫਿਕ ਪੁਲਿਸ ਦੇ ਏਐਸਆਈ ਗੁਰਦੀਪ ਸਿੰਘ ਮੌਜੂਦ ਸਨ। ਜਿਨ੍ਹਾਂ ਨੇ ਤੁਰੰਤ ਗੋਤਾਖੋਰਾਂ ਨੂੰ ਬੁਲਾ ਕੇ ਕਾਰ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ। ਕਾਰ ਨੂੰ ਰੱਸਿਆਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਉਦੋਂ ਤੱਕ ਕਾਰ ਵਿੱਚ ਸਵਾਰ ਦੋਵੇਂ ਬਜੁਰਗਾਂ ਦੀ ਮੌਤ ਹੋ ਚੁੱਕੀ ਸੀ। 


ਇਸ ਬਾਬਤ ਗੋਤਾਖੋਰ ਘੋਗਾ ਸਿੰਘ ਨੇ ਦੱਸਿਆ ਕਿ ਪੁਲਿਸ ਉਸਨੂੰ ਆਪਣੇ ਨਾਲ ਕਾਰ ਵਿੱਚ ਬਿਠਾ ਕੇ ਮੌਕੇ ’ਤੇ ਲੈ ਕੇ ਗਈ। ਜਦੋਂ ਨਹਿਰ 'ਚ ਗੋਤਾ ਲਾਇਆ ਗਿਆ ਤਾਂ ਕਾਰ ਦਾ ਪਤਾ ਲੱਗਿਆ। ਜਿਸ ਤੋਂ ਬਾਅਦ ਕਾਰ ਨੂੰ ਰੱਸਿਆਂ ਨਾਲ ਬਾਹਰ ਕੱਢਿਆ ਗਿਆ। ਇਸ ਵਿੱਚ ਸਵਾਰ ਬਜ਼ੁਰਗ ਆਦਮੀ ਅਤੇ ਔਰਤ ਦੀ ਮੌਤ ਹੋ ਗਈ ਸੀ। ਇਸ ਦੌਰਾਨ ਟਰੈਫਿਕ ਪੁਲਿਸ ਦੇ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੂਚਨਾ ਮਿਲਦਿਆਂ ਹੀ ਕਾਰ ਨੂੰ ਬਾਹਰ ਕੱਢਣ ਲਈ ਯਤਨ ਸ਼ੁਰੂ ਕਰ ਦਿੱਤੇ। ਕਾਰ ਨੂੰ ਬਾਹਰ ਕੱਢ ਲਿਆ ਗਿਆ ਪਰ ਉਸ ਵਿੱਚ ਸਵਾਰ ਦੋ ਜਣੇ ਨਹੀਂ ਬਚ ਸਕੇ। ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਗਈ ਸੀ।


ਜਿਸ ਥਾਂ ਤੋਂ ਕਾਰ ਨਹਿਰ ਵਿੱਚ ਡਿੱਗੀ, ਉੱਥੇ ਕੋਈ ਪੱਥਰ ਨਹੀਂ ਸੀ ਅਤੇ ਨਾ ਹੀ ਜ਼ਿਆਦਾ ਆਵਾਜਾਈ ਸੀ। ਜਿਸ ਕਾਰਨ ਪੁਲਿਸ ਦੋ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਹੈ ਜਾਂ ਖੁਦਕੁਸ਼ੀ। ਹਾਲਾਂਕਿ ਆਲੇ-ਦੁਆਲੇ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਇਸ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ। ਇਸ ਬਾਰੇ ਦੋਰਾਹਾ ਥਾਣੇ ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਪਹਿਲਾ ਕੰਮ ਮ੍ਰਿਤਕਾਂ ਦੀ ਪਛਾਣ ਕਰਨਾ ਹੈ। ਸ਼ਨਾਖਤ ਤੋਂ ਬਾਅਦ ਕਾਫੀ ਹੱਦ ਤੱਕ ਮਾਮਲੇ ਦਾ ਪਤਾ ਲੱਗ ਜਾਵੇਗਾ। ਕਾਰ ਨਹਿਰ ਵਿੱਚ ਕਿਵੇਂ ਡਿੱਗੀ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।