ਲੁਧਿਆਣਾ: ਅਫ਼ਗਾਨਿਸਤਾਨ ਦੇ ਤਾਲਿਬਾਨ ਦੇ ਕਬਜ਼ੇ 'ਚ ਹੋਣ ਤੋਂ ਬਾਅਦ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਅਫਗਾਨੀ ਵਿਦਿਆਰਥੀ ਘਬਰਾਏ ਹੋਏ ਹਨ। ਤਾਲਿਬਾਨ ਦਾ ਪੂਰੇ ਅਫ਼ਗਾਨਿਸਤਾਨ 'ਤੇ ਕਬਜ਼ਾ ਹੋ ਗਿਆ ਹੈ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਜਿਸ ਨੂੰ ਲੈ ਕੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ ਹੈ। 

 

ਹਾਲਾਂਕਿ ਇਨ੍ਹਾਂ ਵਿਦਿਆਰਥੀਆਂ ਨੇ ਕੈਮਰੇ ਦੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਪਰ ਇੱਕ ਵਿਦਿਆਰਥੀ ਅਹਿਮਦ ਨੇ ਦੱਸਿਆ ਕਿ ਉੱਥੇ ਹਾਲਾਤ ਬਹੁਤ ਖਰਾਬ ਹਨ ਅਤੇ ਹੁਣ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ। ਅਫਗਾਨੀ ਵਿਦਿਆਰਥੀ ਅਹਿਮਦ ਨੇ ਦੱਸਿਆ ਕਿ ਆਪਣੇ ਪਰਿਵਾਰ ਨਾਲ ਗੱਲ ਕੀਤੇ ਉਸ ਨੂੰ ਦੋ ਦਿਨ ਹੋ ਚੁੱਕੇ ਹਨ, ਕਿਉਂਕਿ ਉੱਥੇ ਨੈੱਟਵਰਕ ਨਹੀਂ ਆ ਰਿਹਾ। ਆਰਮੀ ਨੇ ਨੈੱਟਵਰਕ ਜਾਮ ਕਰ ਦਿੱਤਾ ਹੈ। 

 

ਉਨ੍ਹਾਂ ਦੇ ਪਰਿਵਾਰ ਕਿਹੋ ਜਿਹੇ ਹਾਲਾਤ ਵਿੱਚ ਰਹਿ ਰਹੇ ਹਨ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹ ਬੱਸ ਅਰਦਾਸ ਕਰਦੇ ਹਨ ਕਿ ਉੱਥੇ ਸਭ ਸੁਰੱਖਿਅਤ ਰਹਿਣ। ਉਨ੍ਹਾਂ ਦੱਸਿਆ ਕਿ ਇੱਥੇ ਰਹਿਣ ਵਾਲੇ ਵਿਦਿਆਰਥੀ ਵੀ ਘਬਰਾਏ ਹੋਏ ਹਨ। ਉਹ ਹੁਣ ਭਾਰਤ ਛੱਡ ਕੇ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਸ ਥਾਂ 'ਤੇ ਹਾਲਾਤ ਸਹੀ ਨਹੀਂ। 

 

ਉਨ੍ਹਾਂ ਇਹ ਵੀ ਦੱਸਿਆ ਕਿ ਉਹ ਆਪਣਾ ਭਵਿੱਖ ਵੀ ਅਫ਼ਗਾਨਿਸਤਾਨ ਵਿੱਚ ਧੁੰਦਲਾ ਵੇਖ ਰਹੇ ਹਨ ਕਿਉਂਕਿ ਤਾਲਿਬਾਨ ਆਧੁਨਿਕ ਸਿੱਖਿਆ ਨੂੰ ਸਮਰਥਨ ਨਹੀਂ ਦਿੰਦਾ। ਇਸ ਕਰਕੇ ਉਹ ਉਨ੍ਹਾਂ ਨੂੰ ਕੱਟੜਵਾਦ ਵੱਲ ਧੱਕ ਰਹੇ ਹਨ ਉਨ੍ਹਾਂ ਕਿਹਾ ਕਿ ਤਾਲਿਬਾਨੀ ਉਨ੍ਹਾਂ ਨੂੰ ਪੱਗ ਬੰਨ੍ਹਣ ਲਈ ਦਾੜ੍ਹੀ ਰੱਖਣ ਲਈ ਆਖਦੇ ਹਨ, ਪਰ ਉਹ  ਇਸ ਪਹਿਰਾਵੇ 'ਚ ਆਪਣੇ ਆਪ ਨੂੰ ਆਰਾਮਦਾਇਕ ਨਹੀਂ ਸਮਝਦੇ। 

 

ਉਨ੍ਹਾਂ ਕਿਹਾ ਕਿ ਉਥੇ ਲੜਕੀਆਂ 'ਤੇ ਵੀ ਕਈ ਪਾਬੰਦੀਆਂ ਹਨ ਜਿਸ ਨੂੰ ਸਵੀਕਾਰ ਕਰਨਾ ਨਵੀਂ ਪੀੜ੍ਹੀ ਲਈ ਕਾਫ਼ੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਉਹ ਵਾਪਸ ਨਹੀਂ ਜਾਣਾ ਚਾਹੁੰਦੇ। ਜੇਕਰ ਮੁੜ ਤੋਂ ਕੋਰੋਨਾ ਵਰਗੀ ਸੀਚੂਏਸ਼ਨ ਹਾਲਾਤ ਪੈਦਾ ਹੋ ਜਾਂਦੇ ਹਨ ਤਾਂ ਉਹ ਇੱਥੇ ਹੀ ਰਹਿਣਾ ਪਸੰਦ ਕਰਨਗੇ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਜੇਕਰ ਉਹ ਉਥੇ ਗਏ ਤਾਂ ਉਨ੍ਹਾਂ ਨੂੰ ਸ਼ਾਇਦ ਮਾਰ ਦੇਣ।