ਚੰਡੀਗੜ੍ਹ: ਕਿਸਾਨ ਅੰਦੋਲਨ ਕਰਕੇ ਪਹਿਲਾਂ ਹੀ ਸਿਆਸੀ ਤੌਰ 'ਤੇ ਹਾਸ਼ੀਏ 'ਤੇ ਜਾ ਚੁੱਕੀ ਪੰਜਾਬ ਬੇਜੀਪੀ ਲਈ ਅਗਲੇ ਦਿਨੀਂ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੀ ਹੀ ਪਾਰਟੀ ਲੀਡਰਸ਼ਿਪ ਤੇ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ਖਿਲਾਫ ਬੀਜੇਪੀ ਦੀ ਸਖਤੀ ਮੁਸੀਬਤ ਬਣ ਸਕਦੀ ਹੈ। ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢਣ ਮਗਰੋਂ ਨਵੇਂ ਸਮੀਕਰਨ ਬਣਨ ਲੱਗੇ ਹਨ।
ਅਨਿਲ ਜੋਸ਼ੀ ਨੇ ਪਾਰਟੀ ਦੀ ਕਾਰਵਾਈ ਮਗਰੋਂ ਹੋਰ ਤਿੱਖੇ ਤੇਵਰ ਅਪਣਾਉਂਦਿਆਂ ਆਪਣੀ ਸੋਚ ਵਾਲੇ ਲੀਡਰਾਂ ਨਾਲ ਰਾਬਤਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਉਹ ਕਈ ਲੀਡਰਾਂ ਨੂੰ ਮਿਲੇ ਜਿਸ ਤੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਕਈ ਪਾਰਟੀ ਲੀਡਰ ਅਸਤੀਫੇ ਦੇ ਸਕਦੇ ਹਨ।
ਦੱਸ ਦਈਏ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜੋਸ਼ੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ 6 ਸਾਲਾਂ ਲਈ ਕੱਢ ਦਿੱਤਾ ਹੈ। ਜੋਸ਼ੀ ਅਕਾਲੀ-ਭਾਜਪਾ ਸਰਕਾਰ ਸਮੇਂ ਸਾਲ 2012 ਤੋਂ 2017 ਤੱਕ ਕੈਬਨਿਟ ਮੰਤਰੀ ਰਹੇ ਤੇ ਉਹ ਅੰਮ੍ਰਿਤਸਰ ਸ਼ਹਿਰ ਦੇ ਇੱਕ ਹਲਕੇ ਦੀ ਨੁਮਾਇੰਦਗੀ ਕਰਦੇ ਸਨ।
ਅਨਿਲ ਜੋਸ਼ੀ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਪਾਰਟੀ ਆਗੂਆਂ ਦੇ ਵਿਵਹਾਰ ਦੀ ਨਿੰਦਾ ਕੀਤੀ ਜਾ ਰਹੀ ਸੀ। ਉਹ ਕਿਸਾਨਾਂ ਦੀ ਗੱਲ ਸੁਣਨ ਦੀ ਵਕਾਲਤ ਕਰਦੇ ਆ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪਾਰਟੀ ਦੀ ਕੌਮੀ ਲੀਡਰਸ਼ਿਪ ਜ਼ਮੀਨੀ ਹਾਲਾਤ ਸਮਝਣ ’ਚ ਨਾਕਾਮ ਰਹੀ ਹੈ।
ਜੋਸ਼ੀ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਲੋਕ ਭਾਜਪਾ ਆਗੂਆਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੇ ਅਤੇ ਪਾਰਟੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ। ਭਾਜਪਾ ਦੇ ਇੱਕ ਹੋਰ ਆਗੂ ਕੇਡੀ ਭੰਡਾਰੀ ਨੇ ਵੀ ਅਨਿਲ ਜੋਸ਼ੀ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦਾ ਸਾਰਥਕ ਹੱਲ ਕੱਢਣ ਦਾ ਮਸ਼ਵਰਾ ਦਿੱਤਾ ਸੀ।
ਸੂਤਰਾਂ ਮੁਤਾਬਕ ਭਾਜਪਾ ਅੰਦਰ ਬਗ਼ਾਵਤੀ ਸੁਰਾਂ ਵਧਣ ਕਰਕੇ ਅਨਿਲ ਜੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਵਿਧਾਨ ਸਭਾ ਚੋਣਾਂ ਨਜ਼ਦੀਕ ਹੋਣ ਕਾਰਨ ਭਗਵਾਂ ਪਾਰਟੀ ਦੀ ਸਥਿਤੀ ਕਸੂਤੀ ਬਣੀ ਪਈ ਸੀ। ਪਾਰਟੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਸੂਬਾ ਪ੍ਰਧਾਨ ਵੱਲੋਂ ਕੀਤੀ ਗਈ ਇਸ ਕਾਰਵਾਈ ਨਾਲ ਭਾਜਪਾ ਦਾ ਅੰਦਰੂਨੀ ਸੰਕਟ ਹੱਲ ਹੋਣ ਦੀ ਥਾਂ ਹੋਰ ਡੂੰਘਾ ਹੋ ਸਕਦਾ ਹੈ।
ਕਾਬਲੇਗੌਰ ਹੈ ਕਿ ਅਨਿਲ ਜੋਸ਼ੀ ਸਮੇਤ ਹੋਰ ਕਈ ਆਗੂਆਂ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਸੂਬਾਈ ਤੇ ਕੇਂਦਰੀ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਉਣ ਦੇ ਯਤਨ ਕੀਤੇ ਸਨ। ਬੀਤੇ ਸਾਲ ਸੰਸਦ ਵੱਲੋਂ ਖੇਤੀ ਕਾਨੂੰਨ ਪਾਸ ਕੀਤੇ ਜਾਣ ਤੋਂ ਬਾਅਦ ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਲਗਾਤਾਰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਹੀ ਨਹੀਂ ਕੀਤਾ ਹੋਇਆ ਹੈ ਸਗੋਂ ਸਿਆਸੀ ਗਤੀਵਿਧੀਆਂ ਕਰਨੀਆਂ ਵੀ ਮੁਸ਼ਕਲ ਹੋਈਆਂ ਪਈਆਂ ਹਨ। ਇਸੇ ਰੋਹ ਦੇ ਚਲਦਿਆਂ ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੇ ਮਲੋਟ ’ਚ ਕੱਪੜੇ ਤੱਕ ਪਾੜ ਦਿੱਤੇ ਗਏ ਸਨ। ਇੱਕ ਹੋਰ ਆਗੂ ਹਰਜੀਤ ਸਿੰਘ ਗਰੇਵਾਲ ਦੇ ਖੇਤ ਵਿੱਚ ਲਾਇਆ ਝੋਨਾ ਵੀ ਕਿਸਾਨਾਂ ਨੇ ਪੁੱਟ ਦਿੱਤਾ ਸੀ।
ਜੋਸ਼ੀ ਨੂੰ ਪਾਰਟੀ 'ਚੋਂ ਕੱਢਣ ਮਗਰੋਂ ਬੀਜੇਪੀ 'ਚ ਹੋ ਸਕਦੇ ਵੱਡੇ ਧਮਾਕੇ, ਖੇਤੀ ਕਾਨੂੰਨਾਂ 'ਤੇ ਕਸੂਤੀ ਘਿਰੀ ਲੀਡਰਸ਼ਿਪ
ਏਬੀਪੀ ਸਾਂਝਾ
Updated at:
11 Jul 2021 09:54 AM (IST)
ਕਿਸਾਨ ਅੰਦੋਲਨ ਕਰਕੇ ਪਹਿਲਾਂ ਹੀ ਸਿਆਸੀ ਤੌਰ 'ਤੇ ਹਾਸ਼ੀਏ 'ਤੇ ਜਾ ਚੁੱਕੀ ਪੰਜਾਬ ਬੇਜੀਪੀ ਲਈ ਅਗਲੇ ਦਿਨੀਂ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ।
Anil_Joshi
NEXT
PREV
Published at:
11 Jul 2021 09:54 AM (IST)
- - - - - - - - - Advertisement - - - - - - - - -