ਪੁਲਵਾਮਾ: ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਬੁੱਧਵਾਰ ਦੇਰ ਸ਼ਾਮੀਂ 3 ਅੱਤਵਾਦੀਆਂ ਨੇ ਭਾਜਪਾ ਲੀਡਰ ਨੂੰ ਗੋਲ਼ੀ ਮਾਰ ਦਿੱਤੀ। ਇਹ ਵਾਰਦਾਤ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਪਾਈਨ ਇਲਾਕੇ ’ਚ ਵਾਪਰੀ। ਇਸ ਘਟਨਾ ਤੋਂ ਬਾਅਦ ਤ੍ਰਾਲ ਦੇ ਭਾਜਪਾ ਕੌਂਸਲਰ ਰਾਕੇਸ਼ ਪੰਡਿਤ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਅੱਤਵਾਦੀ ਹਮਲੇ ’ਚ ਰਾਕੇਸ਼ ਦੇ ਦੋਸਤ ਦੀ ਧੀ ਵੀ ਜ਼ਖ਼ਮੀ ਹੋਈ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।


 


ਇਸ ਬਾਰੇ ਰਾਜ ਦੇ ਭਾਜਪਾ ਮੁਖੀ ਰਵਿੰਦਰ ਰੈਨਾ ਨੇ ਕਿਹਾ ਕਿ ਰਾਕੇਸ਼ ਪੰਡਿਤ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ। ਕਸ਼ਮੀਰ ਵਾਦੀ ’ਚ ਖ਼ੂਨ ਵਹਾਉਣ ਵਾਲੇ ਅੱਤਵਾਦੀਆਂ ਦਾ ਖ਼ਾਤਮਾ ਕੀਤਾ ਜਾਵੇਗਾ। ਇਹ ਇਨਸਾਨੀਅਤ ਤੇ ਕਸ਼ਮੀਰੀਅਤ ਦਾ ਕਤਲ ਹੈ। ਉੱਥੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਦੇ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਹਿੰਸਾ ਦੀਆਂ ਅਜਿਹੀਆਂ ਮੂਰਖਾਨਾ ਘਟਨਾਵਾਂ ਨੇ ਕਸ਼ਮੀਰ ਵਾਦੀ ਨੂੰ ਸਦਾ ਦੁੱਖ ਪਹੁੰਚਾਇਆ ਹੈ।


 


ਦੱਸ ਦਈਏ ਕਿ ਰਾਕੇਸ਼ ਪੰਡਿਤ ਉੱਤੇ ਇਹ ਹਮਲਾ ਉਸ ਵੇਲੇ ਹੋਇਆ, ਜਦੋਂ ਉਹ ਬਿਨਾ ਸੁਰੱਖਿਆ ਦੇ ਦੋਸਤ ਨੂੰ ਮਿਲਣ ਲਈ ਜਾ ਰਹੇ ਸਨ। ਆਮ ਦਿਨਾਂ ’ਚ ਭਾਜਪਾ ਕੌਂਸਲਰ ਰਾਕੇਸ਼ ਪੰਡਿਤ ਨਾਲ ਦੋ ਸੁਰੱਖਿਆ ਮੁਲਾਜ਼ਮ ਜ਼ਰੂਰ ਹੁੰਦੇ ਸਨ। ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨ੍ਹਾ ਨੇ ਇਸ ਵਾਰਦਾਤ ਦੀ ਨਿਖੇਧੀ ਕੀਤੀ ਹੈ।


 


ਕਸ਼ਮੀਰ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਬੁੱਧਵਾਰ ਦੇਰ ਸ਼ਾਮੀਂ ਤਿੰਨ ਅਣਪਛਾਤੇ ਅੱਤਵਾਦੀਆਂ ਨੇ ਤ੍ਰਾਲ ਦੇ ਭਾਜਪਾ ਕੌਂਸਲਰ ਰਾਕੇਸ਼ ਪੰਡਿਤ ਉੱਤੇ ਹਮਲਾ ਕੀਤਾ ਸੀ। ਉਹ ਤ੍ਰਾਲ ਬਾਲਾ ’ਚ ਰਹਿੰਦੇ ਸਨ। ਇਹ ਵਾਰਦਾਤ ਵਾਪਰਨ ਸਮੇਂ ਉਹ ਆਪਣੇ ਦੋਸਤ ਕੋਲ ਤ੍ਰਾਲ ਪਾਈਨ ਜਾ ਰਹੇ ਸਨ।


 


ਪੁਲਿਸ ਅਧਿਕਾਰੀ ਨੇ ਕਿਹਾ ਕਿ ਰਾਕੇਸ਼ ਪੰਡਿਤ ਸ੍ਰੀਨਗਰ ’ਚ ਪੂਰੀ ਤਰ੍ਹਾਂ ਸੁਰੱਖਿਅਤ ਰਹਿ ਰਹੇ ਸਨ। ਉਨ੍ਹਾਂ ਨਾਲ ਸੁਰੱਖਿਆ ਲਈ ਦੋ ਨਿੱਜੀ ਸੁਰੱਖਿਆ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਸਨ ਪਰ ਕੱਲ੍ਹ ਮੰਦਭਾਗੀ ਵਾਰਦਾਤ ਵਾਪਰਨ ਸਮੇਂ ਉਹ ਦੋਵੇਂ ਸੁਰੱਖਿਆ ਗਾਰਡ ਉਨ੍ਹਾਂ ਨਾਲ ਨਹੀਂ ਸਨ। ਅੱਤਵਾਦੀਆਂ ਨੂੰ ਫੜਨ ਲਈ ਪੂਰੇ ਇਲਾਕੇ ਵਿੱਚ ਸਰਚ-ਆਪਰੇਸ਼ਨ ਚਲਾਇਆ ਜਾ ਰਿਹਾ ਹੈ।