ਚੰਡੀਗੜ੍ਹ: ਚਾਰ ਰੋਜ਼ਾ ਕੌਮਾਂਤਰੀ ਆਈਸੀਸੀ ਐਗਰੋ ਟੈੱਕ ਮੇਲੇ ਦਾ ਆਗਾਜ਼ ਸ਼ਨਿਚਰਵਾਰ ਨੂੰ ਸੈਕਟਰ 17 ਦੇ ਪਰੇਡ ਗਰਾਊਂਡ ਵਿੱਚ ਹੋਵੇਗਾ। ਇਸ ਮੇਲੇ ਦਾ ਉਦਘਾਟਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਕਰਨਗੇ ਅਤੇ ਇਸਰਾਈਲ ਦੇ ਰਾਸ਼ਟਰਪਤੀ ਗੈਸਟ ਆਫ਼ ਆਨਰ ਹੋਣਗੇ। ਇਸ ਮੇਲੇ ਦੌਰਾਨ 139 ਪ੍ਰਦਰਸ਼ਨੀ ਲੱਗਣਗੀਆਂ। ਇਨ੍ਹਾਂ ਵਿੱਚ 92 ਘਰੇਲੂ ਅਤੇ 47 ਕੌਮਾਂਤਰੀ ਸਟਾਲਾਂ ਹੋਣਗੀਆਂ। ਭਾਰਤ ਦੇ 15 ਸੂਬਿਆਂ ਤੋਂ ਨੁਮਾਇੰਦੇ ਐਗਰੋ ਟੈੱਕ ਦਾ ਹਿੱਸਾ ਬਣਨਗੇ। ਮੇਲੇ ਦੌਰਾਨ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਅਤੇ ਖੇਤੀ ਦੇ ਵਿਕਾਸ ਵਾਸਤੇ ‘ਕਿਸਾਨ ਗੋਸ਼ਟੀ’ ਰੱਖੀ ਗਈ ਹੈ। ਇਹ ਮੇਲਾ 22 ਨਵੰਬਰ ਤੱਕ ਚੱਲੇਗਾ। ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੇ ਉਪ ਪ੍ਰਧਾਨ ਤੇ ਭਾਰਤੀ ਐਂਟਰਪ੍ਰਾਈਜਜ਼ ਦੇ ਮੀਤ ਚੇਅਰਮੈਨ ਰਾਕੇਸ਼ ਮਿੱਤਲ ਨੇ ਐਗਰੋ ਟੈੱਕ ਦੇ ਬਾਰ੍ਹਵੇਂ ਸੈਸ਼ਨ ਦੀ ਮੇਜ਼ਬਾਨੀ ਦਾ ਐਲਾਨ ਕੀਤਾ। ਪੰਜਾਬ ਅਤੇ ਹਰਿਆਣਾ ਸਾਂਝੇ ਤੌਰ ’ਤੇ ਐਗਰੋ ਟੈੱਕ ਦੀ ਮੇਜ਼ਬਾਨੀ ਕਰਨਗੇ। ਮੱਧ ਪ੍ਰਦੇਸ਼ ਅਤੇ ਗੁਜਰਾਤ ਭਾਈਵਾਲ ਸੂਬੇ ਤੇ ਇਸਰਾਈਲ ਮੇਲੇ ਦਾ ਭਾਈਵਾਲ ਦੇਸ਼ ਹੈ। ਐਗਰੋ ਟੈੱਕ ਦਾ ਆਗਾਜ਼ ਭਾਵੇਂ 19 ਨਵੰਬਰ ਨੂੰ ਹੋਵੇਗਾ ਪਰ ਰਸਤੀ ਤੌਰ ’ਤੇ ਉਦਘਾਟਨ 20 ਨਵੰਬਰ ਨੂੰ ਸ੍ਰੀ ਮੁਖਰਜੀ ਕਰਨਗੇ। ਮੇਲੇ ਵਿੱਚ ਤਿੰਨ ਪੈਵੇਲੀਅਨ ਬਣਾਏ ਗਏ ਹਨ। ਪਹਿਲੇ ਪੈਵੇਲੀਅਨ ਦਾ ਨਾ ‘ਸਟੇਟਸ ਆਫ਼ ਇੰਡੀਆ ਪੈਵੇਲੀਅਨ’ ਹੈ। ਇਸ ਪੈਵੇਲੀਅਨ ਵਿੱਚ 15 ਸੂਬਿਆਂ ਦੇ ਨੁਮਾਇੰਦੇ ਆਪਣੇ ਆਪਣੇ ਸੂਬੇ ਦੀ ਅਗਵਾਈ ਕਰਨਗੇ। ਦੂਜੇ ਪੈਵੇਲੀਅਨ ਦਾ ਨਾਂ ‘ਕੌਮਾਂਤਰੀ ਪੈਵੇਲੀਅਨ’ ਰੱਖਿਆ ਗਿਆ ਹੈ। ਇਸ ਪੈਵੇਲੀਅਨ ਵਿੱਚ 13 ਦੇਸ਼ਾਂ ਦੀਆਂ 47 ਪ੍ਰਦਰਸ਼ਨੀਆਂ ਐਗਰੋ ਟੈੱਕ ਦਾ ਹਿੱਸਾ ਹੋਣਗੀਆਂ। ਤੀਜੇ ‘ਐਡਵਾਂਸ ਪੈਵੇਲੀਅਨ’ ਵਿੱਚ ਆਈਆਈਟੀ ਮੁੰਬਈ, ਆਈਆਈਟੀ ਦਿੱਲੀ, ਤਾਮਿਲਨਾਡੂ ਖੇਤੀਬਾੜੀ ਯੂਨੀਵਰਸਿਟੀ ਤੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਤਕਨੀਕੀ ਤੇ ਹੋਰ ਢੰਗਾਂ ਬਾਰੇ ਵਿਚਾਰ-ਚਰਚਾ ਕਰਨਗੇ।