Budget 2022-23: 31 ਜਨਵਰੀ ਨੂੰ ਬਜਟ ਸੈਸ਼ਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ। ਰਾਸ਼ਟਰਪਤੀ ਸੈਂਟਰਲ ਹਾਲ ਵਿੱਚ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਦੇ ਸੰਬੋਧਨ ਵਿੱਚ ਆਮ ਤੌਰ 'ਤੇ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਦਾ ਵੇਰਵਾ ਦਿੱਤਾ ਜਾਂਦਾ ਹੈ। ਅਜਿਹੇ ਵਿੱਚ ਇਸ ਸਾਲ ਦੇ ਸੰਬੋਧਨ ਵਿੱਚ ਵੀ ਮੋਦੀ ਸਰਕਾਰ ਵੱਲੋਂ ਆਪਣੀਆਂ ਭਵਿੱਖੀ ਯੋਜਨਾਵਾਂ ਅਤੇ ਪ੍ਰਾਪਤੀਆਂ ਦਾ ਖਾਕਾ ਦਿਖਾਇਆ ਜਾਵੇਗਾ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਇਸ ਬਜਟ 'ਚ ਸਰਕਾਰ ਕਿਸਾਨਾਂ ਲਈ ਵੱਡੇ ਐਲਾਨ ਕਰ ਸਕਦੀ ਹੈ।


ਪੇਸ਼ ਕੀਤਾ ਜਾਵੇਗਾ ਸਰਕਾਰ ਦੀਆਂ ਤਿਆਰੀਆਂ ਦਾ ਲੇਖਾ-ਜੋਖਾ


31 ਜਨਵਰੀ ਨੂੰ ਰਾਸ਼ਟਰਪਤੀ ਦੇ ਭਾਸ਼ਣ ਖ਼ਤਮ ਹੋਣ ਤੋਂ ਬਾਅਦ ਸਰਕਾਰ ਵੱਲੋਂ ਇਸ ਸਾਲ ਦਾ ਆਰਥਿਕ ਸਰਵੇਖਣ ਸੰਸਦ ਦੇ ਦੋਵਾਂ ਸਦਨਾਂ ਵਿੱਚ ਪੇਸ਼ ਕੀਤਾ ਜਾਵੇਗਾ। ਕੋਰੋਨਾ ਦੀ ਤ੍ਰਾਸਦੀ ਦੇ ਬਾਵਜੂਦ ਪਿਛਲੇ ਸਾਲ ਦੇਸ਼ ਦੀ ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤ ਮਿਲੇ ਹਨ। ਆਰਥਿਕ ਸਰਵੇਖਣ ਵਿੱਚ ਅਰਥਵਿਵਸਥਾ ਨੂੰ ਲੈ ਕੇ ਪੈਦਾ ਹੋਣ ਵਾਲੀਆਂ ਚੁਣੌਤੀਆਂ ਅਤੇ ਇਸ ਨਾਲ ਨਜਿੱਠਣ ਲਈ ਸਰਕਾਰ ਦੀ ਤਿਆਰੀ ਦਾ ਲੇਖਾ-ਜੋਖਾ ਪੇਸ਼ ਕੀਤਾ ਜਾਵੇਗਾ।


ਟੈਕਸ ਛੋਟ ਦੀ ਉਮੀਦ ਕਰ ਰਹੇ ਹਨ ਆਮ ਤਨਖਾਹਦਾਰ ਲੋਕ


ਬਜਟ ਸੈਸ਼ਨ ਦਾ ਸਭ ਤੋਂ ਅਹਿਮ ਪਹਿਲੂ 1 ਫਰਵਰੀ ਨੂੰ ਪੇਸ਼ ਹੋਣ ਵਾਲਾ ਆਮ ਬਜਟ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਸਵੇਰੇ 11 ਵਜੇ ਲੋਕ ਸਭਾ ਵਿੱਚ ਆਮ ਬਜਟ ਦੀ ਪੇਸ਼ਕਾਰੀ ਨਾਲ ਸਬੰਧਤ ਆਪਣਾ ਭਾਸ਼ਣ ਸ਼ੁਰੂ ਕਰੇਗੀ। ਬਜਟ ਦੀ ਦਿਸ਼ਾ ਕਿਹੋ ਜਿਹੀ ਹੋਵੇਗੀ, ਇਸ ਦਾ ਅੰਦਾਜ਼ਾ ਆਰਥਿਕ ਸਰਵੇਖਣ 'ਚ ਵੀ ਦੇਖਣ ਨੂੰ ਮਿਲੇਗਾ।


ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਦਰਮਿਆਨ ਪੇਸ਼ ਕੀਤੇ ਜਾ ਰਹੇ ਬਜਟ ਵਿੱਚ ਕੁਝ ਵੱਡੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਬਜਟ 'ਚ ਜਿੱਥੇ ਆਮ ਤਨਖਾਹਦਾਰ ਲੋਕਾਂ ਨੂੰ ਟੈਕਸ 'ਚ ਛੋਟ ਦੀ ਉਮੀਦ ਹੈ, ਉੱਥੇ ਹੀ ਕੋਰੋਨਾ ਮਹਾਮਾਰੀ ਤੋਂ ਪ੍ਰੇਸ਼ਾਨ ਵਪਾਰੀ ਵਰਗ ਨੂੰ ਵੀ ਰਾਹਤ ਦੀ ਉਮੀਦ ਹੈ। ਕਿਸਾਨਾਂ ਨੂੰ ਲੈ ਕੇ ਬਜਟ 'ਚ ਕੁਝ ਅਹਿਮ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।


ਦੱਸ ਦਈਏ ਕਿ ਤੈਅ ਸ਼ੈਡਿਊਲ ਮੁਤਾਬਕ ਦੋ ਹਿੱਸਿਆਂ 'ਚ ਹੋਣ ਵਾਲੇ ਬਜਟ ਸੈਸ਼ਨ ਦਾ ਪਹਿਲਾ ਹਿੱਸਾ 11 ਫਰਵਰੀ ਤੱਕ ਚੱਲੇਗਾ। ਆਮ ਬਜਟ ਤੋਂ ਇਲਾਵਾ ਇਸ ਹਿੱਸੇ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ ਹੈ। ਇਸ ਵਾਰ ਲੋਕ ਸਭਾ 'ਚ ਇਸ ਮਤੇ 'ਤੇ ਬਹਿਸ ਲਈ ਚਾਰ ਦਿਨ ਦਾ ਸਮਾਂ ਦਿੱਤਾ ਗਿਆ ਹੈ ਜੋ 2 ਫਰਵਰੀ ਨੂੰ ਸ਼ੁਰੂ ਹੋਵੇਗੀ। ਬਹਿਸ ਦੇ ਅੰਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਫਰਵਰੀ ਨੂੰ ਜਵਾਬ ਦੇਣਗੇ, ਜਿਸ 'ਤੇ ਸਭ ਦੀਆਂ ਨਜ਼ਰਾਂ ਹੋਣਗੀਆਂ।


ਕਾਂਗਰਸ ਨੇ ਸਰਕਾਰ ਨੂੰ ਘੇਰਨ ਲਈ ਬਣਾਈ ਯੋਜਨਾ


ਜਿੱਥੋਂ ਤੱਕ ਵਿਰੋਧੀ ਧਿਰ ਦਾ ਸਵਾਲ ਹੈ ਕਾਂਗਰਸ ਪਾਰਟੀ ਨੇ ਕਿਸਾਨਾਂ, ਏਅਰ ਇੰਡੀਆ ਦੀ ਵਿਕਰੀ, ਭਾਰਤੀ ਖੇਤਰ ਵਿੱਚ ਚੀਨੀ ਘੁਸਪੈਠ ਅਤੇ ਕੋਵਿਡ ਨਾਲ ਮਾਰੇ ਗਏ ਲੋਕਾਂ ਨੂੰ ਮੁਆਵਜ਼ੇ ਵਰਗੇ ਮੁੱਦੇ ਚੁੱਕਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਰੇਲਵੇ ਭਰਤੀ ਨੂੰ ਲੈ ਕੇ ਬਿਹਾਰ 'ਚ ਹੋਏ ਹੰਗਾਮੇ ਅਤੇ ਪੈਗਾਸਸ ਜਾਸੂਸੀ ਮਾਮਲੇ ਨਾਲ ਜੁੜੇ ਨਵੇਂ ਖੁਲਾਸੇ ਨੂੰ ਲੈ ਕੇ ਸੈਸ਼ਨ 'ਚ ਭਾਰੀ ਹੰਗਾਮਾ ਹੋਣ ਦੀ ਸੰਭਾਵਨਾ ਹੈ।



ਇਹ ਵੀ ਪੜ੍ਹੋ: ਬੇਮੌਸਮੀ ਬਰਸਾਤ ਕਾਰਨ ਤਬਾਹ ਹੋਈ ਫ਼ਸਲ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ, ਜਾਣੋ ਕਿੰਨੀ ਰਕਮ ਮਿਲੇਗੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904