ਫ਼ਤਿਹਾਬਾਦ: ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਖ਼ਾਸ ਦਲ ਦਾ ਸਮਰਥਨ ਨਹੀਂ ਕਰੇਗੀ, ਜਦਕਿ ਉਸ ਦਾ ਸਮਰਥਨ ਕਰੇਗੀ ਜੋ ਉਨ੍ਹਾਂ ਦੀਆਂ ਮੰਗਾਂ ਮੰਨੇਗੀ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਪਾਰਟੀ ਦੇ ਬਾਗ਼ੀ ਵਿਧਾਇਕਾਂ ਵੱਲੋਂ ਬਣਾਈ ਜੇਜੇਪੀ 'ਤੇ ਵੀ ਤੰਜ਼ ਕੱਸਿਆ।


ਅਭੈ ਸਿੰਘ ਚੌਟਾਲਾ ਨੇ ਕਿਹਾ ਕਿ 2019 ਲੋਕ ਸਭਾ ਚੋਣਾਂ ਵਿੱਚ ਕਿਸੇ ਪਾਰਟੀ ਦੀ ਸਰਕਾਰ ਨਹੀਂ ਬਣੇਗੀ, ਬਲਕਿ ਇਕੱਲੇ-ਇਕੱਲੇ ਸੰਸਦ ਮੈਂਬਰ ਦਾ ਮੁੱਲ ਪਵੇਗਾ। ਉਨ੍ਹਾਂ ਕਿਹਾ ਕਿ ਇਨੈਲੋ ਉਸ ਨੂੰ ਆਪਣਾ ਸਮਰਥਨ ਦੇਵੇਗੀ, ਜੋ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰੇ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇ ਤੇ ਗ਼ਰੀਬ ਕੁੜੀਆਂ ਦੇ ਵਿਆਹ ਮੌਕੇ ਪੰਜ ਲੱਖ ਰੁਪਏ ਦਾ ਕੰਨਿਆਦਾਨ ਕਰਨ ਦਾ ਵਾਅਦਾ ਕਰੇ।

ਉਨ੍ਹਾਂ ਆਪਣੀ ਪਾਰਟੀ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਜੇਪੀ ਦਾ ਚੋਣ ਨਿਸ਼ਾਨ ਚੱਪਲ ਹੈ ਅਤੇ ਜੇ ਇਹ ਤੁਹਾਡੇ ਪਿੰਡ ਆ ਜਾਣ ਤਾਂ ਉਨ੍ਹਾਂ ਨੂੰ ਉਸੇ ਚੱਪਲ ਨਾਲ ਵਾਪਸ ਦੌੜਾ ਦੇਣਾ। ਚੌਟਾਲਾ ਨੇ ਕਿਹਾ ਕਿ ਉਹ ਆਉਂਦੀ 13 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ।