ਬਜਟ ਤੋਂ ਖਫਾ ਕਿਸਾਨਾਂ ਨੇ ਫੂਕੀਆਂ ਮੋਦੀ ਸਰਕਾਰ ਦੀਆਂ ਅਰਥੀਆਂ
ਏਬੀਪੀ ਸਾਂਝਾ | 05 Feb 2018 07:02 PM (IST)
ਚੰਡੀਗੜ੍ਹ: ਕੇਂਦਰੀ ਬਜਟ ਵਿਰੁੱਧ ਰੋਹ 'ਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸੱਦੇ 'ਤੇ ਅੱਜ ਥਾਂ-ਥਾਂ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਫਤਾ ਭਰ ਪਿੰਡ ਪਿੰਡ ਚੱਲਣ ਵਾਲੇ ਪ੍ਰੋਗਰਾਮ ਦੇ ਪਹਿਲੇ ਦਿਨ ਅੱਜ ਜ਼ਿਲ੍ਹਾ ਬਠਿੰਡਾ 'ਚ ਜੋਗੇਵਾਲਾ ਤੇ ਕੋਠਾ ਗੁਰੂ, ਜ਼ਿਲ੍ਹਾ ਬਰਨਾਲਾ 'ਚ ਭੋਤਨਾ, ਚੀਮਾ, ਧਨੌਲਾ, ਫਤਿਹਗੜ੍ਹ ਛੰਨਾ ਤੇ ਬਦਰਾ, ਜ਼ਿਲ੍ਹਾਂ ਮਾਨਸਾ 'ਚ ਮੰਡੇਰਨਾ, ਜ਼ਿਲ੍ਹਾ ਮੋਗਾ 'ਚ ਮਾਛੀਕੇ, ਰੌਤਾਂ ਤੇ ਸੈਦੋਕੇ, ਦੀਨਾ ਸਾਹਿਬ, ਜ਼ਿਲ੍ਹਾ ਫਾਜ਼ਿਲਕਾ 'ਚ ਵਜੀਦਪੁਰ ਭੋਮਾ ਤੇ ਰਾਜਪੁਰਾ ਤੇ ਜ਼ਿਲ੍ਹਾ ਅੰਮ੍ਰਿਤਸਰ 'ਚ ਧੰਗਈ ਤੇ ਮੱਤੇ ਨੰਗਲ ਪਿੰਡਾਂ 'ਚ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਕਿਸਾਨਾਂ ਮਜਦੂਰਾਂ ਨੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ। ਮੁੱਖ ਬੁਲਾਰਿਆਂ 'ਚ ਸੁਬਾਈ ਸੰਗਠਨ ਸਕੱਤਰ ਸਿੰਗਾਰਾ ਸਿੰਘ ਮਾਨ ਤੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਟੱਲੇਵਾਲ ਸਮੇਤ ਜ਼ਿਲ੍ਹਾ ਪੱਧਰੀ ਸਥਾਨਕ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਕੇਂਦਰੀ ਬਜਟ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਮੋਦੀ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੂਰੇ ਦੇਸ਼ 'ਚ 3 ਲੱਖ ਤੋਂ ਵੱਧ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਲਈ ਮਜਬੂਰ ਕਰ ਚੁੱਕੇ ਭਾਰੀ ਕਰਜ਼ਿਆਂ ਤੋਂ ਮੁਕਤੀ ਲਈ ਬਜਟ ਵਿੱਚ ਸਰਕਾਰ ਨੇ ਇੱਕ ਪੈਸਾ ਵੀ ਨਹੀਂ ਰੱਖਿਆ