ਚੰਡੀਗੜ੍ਹ: ਕਿਸਾਨਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਕੰਧਾਂ ਹਿਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕੰਮ ਲਈ ਪੰਜਾਬ ਦੇ ਕੁਰਬਾਨੀ ਵਾਲੀਆਂ ਇਤਿਹਾਸਕ ਥਾਵਾਂ ਤੋਂ ਕਿਸਾਨ ਕਸਮਾਂ ਖਾ ਕੇ ਵਿਧਾਨ ਸਭਾ ਵੱਲ ਰਵਾਨਾ ਹੋਣਗੇ। ਇਸ ਗੱਲ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਸੰਪੂਰਨ ਕਰਜ਼ਾ ਮਾਫ਼ੀ ਲਈ ਪਟਿਆਲਾ-ਬਠਿੰਡਾ ਮੁੱਖ ਮਾਰਗ ਉੱਤੇ ਲਾਏ ਜਾਮ ਵਿੱਚ ਕੀਤਾ।
ਕਿਸਾਨ ਲੀਡਰ ਨੇ ਕਿਹਾ ਹੈ ਕਿ ਉਹ ਹੁਣ ਆਰ-ਪਾਰ ਦਾ ਸੰਘਰਸ਼ ਕਰਨਗੇ ਜਿਸ ਲਈ ਉਹ ਛੋਟੇ ਸ਼ਹਿਜ਼ਾਦਿਆਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਤੇ ਗਦਰੀਆਂ ਬਾਬਿਆਂ ਤੇ ਹੋਰ ਸ਼ਹੀਦਾਂ ਦੇ ਇਤਿਹਾਸਕ ਸਥਾਨਾਂ ਤੋਂ ਕਸਮਾਂ ਖਾ ਕੇ ਸ਼ੁਰੂਆਤ ਕਰਨਗੇ। ਕਿਸਾਨ ਕਰਜ਼ਾ ਮੁਆਫ਼ੀ ਨੂੰ ਲੈ ਕੇ ਸੂਬਾ ਭਰ 'ਚ 7 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪਟਿਆਲਾ, ਮਾਨਸਾ ਤੇ ਬਠਿੰਡਾ 'ਚ ਦੋ ਘੰਟਿਆਂ ਲਈ ਨੈਸ਼ਨਲ ਹਾਈਵੇ ਤੇ ਬਰਨਾਲਾ 'ਚ ਤਿੰਨ ਮੁੱਖ ਮਾਰਗ ਬਾਜਾਖਾਨਾ ਮੋਗਾ ਰੋਡ, ਲੁਧਿਆਣਾ ਤੇ ਚੰਡੀਗੜ੍ਹ ਰੋਡ 'ਤੇ ਦੁਪਹਿਰ 12 ਤੋਂ 2 ਵਜੇ ਤੱਕ ਜਾਮ ਕੀਤਾ।


ਬੀਕੇਯੂ ਡਕੌਦਾ ਦੇ ਆਗੂ ਮਨਜੀਤ ਸਿੰਘ ਧੰਨੇਰ ਨੇ ਕਿਹਾ ਕੇਂਦਰ ਸਰਕਾਰ ਨੇ ਬਜਟ ਵਿੱਚ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਕਿਸਾਨ ਲੀਡਰਾਂ ਨੇ ਐਲਾਨ ਕੀਤਾ ਕਿ ਸਰਕਾਰਾਂ ਖ਼ਿਲਾਫ਼ ਬਰਨਾਲਾ ਦੀ ਅਨਾਜ ਮੰਡੀ ਵਿੱਚ ਪੰਜਾਬ ਪੱਧਰੀ ਸੱਠ ਜਥੇਬੰਦੀਆਂ ਵੱਲੋਂ ਲਾਮਿਸਾਲ ਰੋਸ ਰੈਲੀ ਕਰਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਬੁੱਕਣ ਸਿੰਘ ਸੱਦੋਵਾਲ ਨੇ ਨੈਸ਼ਨਲ ਹਾਈਵੇ ਜਾਮ ਕਰਨ ਤੇ ਹਾਈਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਦੇ ਮਾਮਲੇ ਬਾਰੇ ਕਿਹਾ ਕਿ ਅਸੀਂ ਹੱਕਾਂ ਲਈ ਸੰਘਰਸ਼ ਕਰ ਰਹੇ ਹਾਂ ਤੇ ਜੇਕਰ ਪ੍ਰਸ਼ਾਸਨ ਨੇ ਮਾਮਲੇ ਵੀ ਦਰਜ ਕੀਤੇ ਤਾਂ ਅਸੀਂ ਡਰਦੇ ਨਹੀਂ ਤੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਬਠਿੰਡਾ 'ਚ ਕਿਸਾਨਾਂ ਦਾ ਸਾਥ ਦੇਣ ਲਈ ਔਰਤਾਂ ਧਰਨੇ 'ਚ ਸ਼ਾਮਲ ਹੋਈਆਂ। ਦੋ ਮੁੱਖ ਮਾਰਗਾਂ ਤੇ ਪ੍ਰਦਰਸ਼ਨ ਕਰਦਿਆਂ ਰੋਡ ਜਾਮ ਲਾਈ ਰੱਖਿਆ ਜਿੱਥੇ ਇੱਕ ਪਾਸੇ ਬਠਿੰਡਾ ਮਾਨਸਾ ਰੋਡ ਤੇ ਮਾਈਸਰਖਾਨਾ ਪਿੰਡ ਕੋਲ ਕਿਸਾਨਾਂ ਨੇ ਸੜਕ ਤੇ ਜਾਮ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਉੱਥੇ ਹੀ ਬਠਿੰਡਾ ਬਰਨਾਲਾ ਰੋਡ ਤੇ ਵੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਕੋਲ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਜਾਮ ਲੱਗਾ ਕੇ ਧਰਨਾ ਪ੍ਰਦਰਸ਼ਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਮਾਰੂ ਦੱਸਦਿਆਂ ਜੰਮ ਕੇ ਸਰਕਾਰ ਤੇ ਭੜਾਸ ਕੱਢੀ।