ਬਠਿੰਡਾ: ਜ਼ਮੀਨ ਵੇਚਣ ਮਾਮਲੇ 'ਚ ਹੋਈ ਠੱਗੀ ਕਾਰਨ ਕਿਸਾਨ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਕਾਂਗਰਸੀ ਲੀਡਰਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਕਿਸਾਨ ਯੂਨੀਅਨ ਨੇ ਰਾਮਪੁਰਾ ਥਾਣੇ ਨੂੰ ਘੇਰ ਲਿਆ। ਕਿਸਾਨਾਂ ਨੇ ਪੁਲਿਸ ਮੁਲਾਜ਼ਮ ਥਾਣੇ ਅੰਦਰ ਹੀ ਡੱਕ ਦਿੱਤੇ।
ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕਿਸਾਨ ਤੇ ਨੰਬਰਦਾਰ ਗੁਰਸੇਵਕ ਸਿੰਘ ਦੀ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ 'ਤੇ ਪੀੜਤ ਪਰਿਵਾਰ ਤੇ ਕਿਸਾਨ ਯੂਨੀਅਨ ਨੇ ਕਈ ਦਿਨਾਂ ਤੋਂ ਥਾਣੇ ਦਾ ਘਿਰਾਓ ਕੀਤਾ ਹੋਇਆ ਸੀ, ਪਰ ਕੱਲ੍ਹ ਤੋਂ ਪੁਲਿਸ ਮੁਲਾਜ਼ਮਾਂ ਨੂੰ ਥਾਣੇ ਅੰਦਰ ਹੀ ਬੰਦ ਕੀਤਾ ਹੋਇਆ ਹੈ। ਹੁਣ ਲੋਕਾਂ ਦਾ ਥਾਣੇ ਅੰਦਰ ਆਉਣਾ-ਜਾਣਾ ਵੀ ਬੰਦ ਕੀਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਲੰਘੀ ਤਿੰਨ ਜੂਨ ਨੂੰ ਰਾਮਪੁਰਾ ਫੂਲ ਦੇ ਪਿੰਡ ਲਹਿਰਾ ਧੂਰਕੋਟ ਦੇ ਕਿਸਾਨ ਤੇ ਨੰਬਰਦਾਰ ਗੁਰਸੇਵਕ ਸਿੰਘ ਨੇ ਜ਼ਮੀਨ ਵੇਚਣ 'ਚ ਹੋਈ ਥੋਖਾਧੜੀ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ। ਗੁਰਸੇਵਕ ਸਿੰਘ ਨੇ 11 ਕਨਾਲ ਜ਼ਮੀਨ ਦੀ ਰਜਿਸਟਰੀ ਅਮਰਜੀਤ ਸਿੰਘ ਦੇ ਨਾਂ ਕੀਤੀ ਸੀ। ਅਮਰਜੀਤ ਸਿੰਘ ਕਾਂਗਰਸੀ ਵਿਧਾਇਕ ਗੁਰਪ੍ਰੀਤ ਕਾਂਗੜ ਦਾ ਖਾਸਮ-ਖਾਸ ਮੰਨਿਆ ਜਾਂਦਾ ਹੈ।
ਕਿਸਾਨ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਅਮਰਜੀਤ ਨੇ ਗੁਰਸੇਵਕ ਤੋਂ ਰਜਿਸਟਰੀ ਤਾਂ ਕਰਵਾ ਲਈ ਪਰ 36 ਲੱਖ ਰੁਪਏ ਦੀ 11 ਲੱਖ ਰੁਪਏ ਦੀ ਬਕਾਇਆ ਰਕਮ ਅਦਾ ਨਹੀਂ ਕੀਤੀ, ਜਿਸ ਕਰਕੇ ਗੁਰਸੇਵਕ ਸਿੰਘ ਕਈ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਰਹਿਣ ਲੱਗਾ ਤੇ ਉਸ ਨੇ 3 ਜੂਨ ਨੂੰ ਖੁਦਕੁਸ਼ੀ ਕਰ ਲਈ। ਉਸ ਦੀ ਜੇਬ ਵਿੱਚੋਂ ਮਿਲੇ ਸੁਸਾਇਡ ਨੋਟ ਦੇ ਅਧਾਰ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਗ਼ੈਰ-ਸਿਆਸੀ ਮੁਲਜ਼ਮ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ, ਪਰ ਕਾਂਗਰਸੀ ਆਗੂਆਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।