ਚੰਡੀਗੜ੍ਹ: ਪੰਜਾਬ ਵਿੱਚ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ। ਬੀਤੇ ਦਿਨ ਤਿੰਨ ਕਿਸਾਨਾਂ ਨੇ ਕਰਜੇ ਕਾਰਨ ਖੁਦਕੁਸ਼ੀ ਕੀਤੀ। ਰੁੜਕੀ ਕਲਾਂ ਦੇ ਪਿੰਡ ਲਸੋਈ ਦੇ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਲੋਂ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਗਈ | ਮਿ੍ਤਕ ਦੇ ਭਰਾ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਰਥਿਕ ਤੰਗੀ ਕਾਰਨ ਕੁਝ ਸਮਾਂ ਪਹਿਲਾਂ ਤਿੰਨ ਏਕੜ ਜ਼ਮੀਨ ਵੇਚ ਚੁੱਕੇ ਹਨ ਅਤੇ ਹੁਣ ਉਨ੍ਹਾਂ ਕੋਲ ਦੋ ਕੁ ਵਿੱਘੇ ਰਹਿ ਗਈ ਹੈ ਪਰ ਉਸ ਦੇ ਬਾਵਜੂਦ ਵੀ ਆੜ੍ਹਤੀਆਂ ਤੇ ਹੋਰ ਵਿਅਕਤੀਆਂ ਦਾ 7 ਕੁ ਲੱਖ ਕਰਜ਼ਾ ਬਾਕੀ ਹੈ। ਕਰਜ਼ੇ ਤੇ ਆਰਥਿਕ ਤੰਗੀ ਕਾਰਨ ਉਸ ਦੇ ਮਾਤਾ-ਪਿਤਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਅਤੇ ਉਸ ਦਾ ਭਰਾ ਵਲੋਂ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਗਲ ਵਿਚ ਫੰਦਾ ਪਾ ਕੇ ਖ਼ੁਦਕੁਸ਼ੀ ਕਰ ਲਈ ਗਈ। ਚੌਕੀ ਇੰਚਾਰਜ ਏ. ਐਸ. ਆਈ. ਵਸ਼ੀਰ ਅਤੇ ਹੌਲਦਾਰ ਰਜਿੰਦਰ ਸਿੰਘ ਨੇ ਖੁਦਕੁਸ਼ੀ ਦੀ ਪੁਸ਼ਟੀ ਕਰਦਿਆਂ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ। ਦੂਜੀ ਘਟਨਾ ਵਿੱਚ ਪਿੰਡ ਪੰਡੋਰੀ ਭਵਾਂ ਦੇ ਕਿਸਾਨ ਸਵਰਨ ਸਿੰਘ ਉਰਫ਼ ਭਾਨਾ (54) ਪੁੱਤਰ ਕਿਸ਼ਨ ਸਿੰਘ ਵਾਸੀ ਪੰਡੋਰੀ ਭਵਾਂ, ਜਿਸ ਦੇ ਸਿਰ 'ਤੇ ਬੈਂਕ ਦਾ ਕਰਜ਼ਾ ਸੀ, ਨੇ ਬੀਤੀ ਰਾਤ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ । ਮਿ੍ਤਕ ਦੇ ਭਰਾ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਜਦੋਂ ਬੀਤੇ ਦਿਨੀਂ ਉਸ ਦਾ ਭਰਾ ਘਰੋਂ ਆਪਣੀ ਮੋਟਰ 'ਤੇ ਗਿਆ ਪਰ ਰਾਤ ਨੂੰ ਵਾਪਸ ਨਹੀਂ ਆਇਆ। ਉਸ ਨੇ ਦੱਸਿਆ ਕਿ ਜਦੋਂ ਮੈਂ ਅਗਲੀ ਸਵੇਰ ਖੇਤਾਂ ਨੂੰ ਗਿਆ ਤਾਂ ਦੇਖਿਆ ਕਿ ਮੋਟਰ ਵਾਲੇ ਕਮਰੇ 'ਚ ਉਸ ਦੇ ਭਰਾ ਸਵਰਨ ਸਿੰਘ ਦੀ ਲਾਸ਼ ਪਈ ਹੋਈ ਸੀ ਅਤੇ ਨੇੜੇ ਹੀ ਜ਼ਹਿਰੀਲੀ ਦਵਾਈ ਦੀ ਸ਼ੀਸ਼ੀ ਪਈ ਹੋਈ ਸੀ | ਥਾਣਾ ਬੁੱਲ੍ਹੋਵਾਲ ਪੁਲਿਸ ਨੇ ਮਿ੍ਤਕ ਦੇ ਪੁੱਤਰ ਸਤਨਾਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ। ਤੀਜੀ ਘਟਨਾ ਵਿੱਚ ਪਿੰਡ ਗੁਦਰਾਣਾ 'ਚ ਇਕ ਕਿਸਾਨ ਬਲਵੀਰ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਰੇਲ ਗੱਡੀ ਹੇਠ ਆ ਕੇ ਖੁਦਕਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਮੁਤਾਬਿਕ ਨਰਮੇ ਦੀ ਫ਼ਸਲ ਖਰਾਬ ਹੋਣ ਤੇ ਕਰਜ਼ਾ ਜ਼ਿਆਦਾ ਹੋਣ ਕਾਰਨ ਕਿਸਾਨ ਬਲਵੀਰ ਸਿੰਘ ਕਾਫ਼ੀ ਪ੍ਰੇਸ਼ਾਨ ਸੀ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ। ਜਾਣਕਾਰੀ ਅਨੁਸਾਰ 45 ਸਾਲਾ ਬਲਵੀਰ ਸਿੰਘ ਆਪਣੇ ਪਰਿਵਾਰ ਦੇ ਨਾਲ ਪਿੰਡ ਸਥਿਤ ਢਾਣੀ ਵਿਚ ਰਹਿੰਦਾ ਸੀ ਤੇ 2 ਬੱਚਿਆਂ ਦਾ ਪਿਤਾ ਸੀ। ਉਸ ਦੇ ਕੋਲ 5 ਏਕੜ ਦੇ ਕਰੀਬ ਜ਼ਮੀਨ ਸੀ ਜਦੋਂ ਕਿ 8 ਏਕੜ ਦੇ ਕਰੀਬ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦਾ ਸੀ