ਨਵੀਂ ਦਿੱਲੀ: ਕਿਸਾਨਾਂ ਦੀ ਫਸਲ ਖਰੀਦ ਦਾ ਮਸਲਾ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਕਿਸਾਨ ਅੰਦੋਲਨ ਦਾ ਵੱਡਾ ਮਸਲਾ ਹੈ। ਖਰੀਦ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਤੌਰ 'ਤੇ ਯਕੀਨੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ ਚ ਖੁਰਾਕ ਤੇ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਨੇ ਕਿਸਾਨਾਂ ਦੀ ਫਸਲ ਖਰੀਦ ਨਾਲ ਜੁੜਿਆ ਵੱਡਾ ਐਲਾਨ ਕੀਤਾ ਹੈ।
ਕਿਸਾਨਾਂ ਦੇ ਖਾਤੇ 'ਚ ਭੇਜੀ ਜਾਵੇਗੀ ਖਰੀਦ ਦੀ ਰਕਮ
ਖੁਰਾਕ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਆਉਣ ਵਾਲੇ ਖਰੀਦ ਸੀਜ਼ਨ ਨਾਲ ਕਿਸਾਨਾਂ ਨੂੰ ਉਪਜ ਦੀ ਵਿਕਰੀ ਦਾ ਪੈਸਾ ਸਿੱਧਾ ਉਨ੍ਹਾਂ ਦੇ ਖਾਤੇ 'ਚ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਕਰਦਿਆਂ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਜਲਦ ਸ਼ੁਰੂ ਹੋਣ ਜਾ ਰਹੇ ਕਣਕ ਦੇ ਸੀਜ਼ਨ ਤੋਂ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਵਿਕਰੀ ਦਾ ਪੈਸਾ ਉਨ੍ਹਾਂ ਦੇ ਖਾਤਿਆਂ 'ਚ ਭੇਜਿਆ ਜਾਵੇ।
ਕਈ ਸੂਬਿਆਂ 'ਚ ਯੋਜਨਾ ਸ਼ੁਰੂ ਕਰਨ ਦੀ ਤਿਆਰੀ
ਇੰਨਾ ਹੀ ਨਹੀਂ, ਖਾਧ ਮੰਤਰਾਲੇ ਮੁਤਾਬਕ ਸਰਕਾਰ ਪੂਰੇ ਦੇਸ਼ 'ਚ ਬਾਇਓ ਔਥੈਂਟੀਕੇਸ਼ਨ ਜ਼ਰੀਏ ਅਅਨਾਜ ਖਰੀਦਣ ਦਾ ਕੰਮ ਕਰ ਰਹੀ ਹੈ। ਮੰਤਰਾਲੇ ਦੇ ਮੁਤਾਬਕ ਉੱਤਰ ਪ੍ਰਦੇਸ਼ 'ਚ ਇਹ ਕੰਮ ਸ਼ੁਰੂ ਕੀਤਾ ਗਿਆ ਹੈ। ਜਦਕਿ ਓੜੀਸਾ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵੀ ਇਸ ਵਿਵਸਥਾ ਨੂੰ ਸ਼ੁਰੂ ਕਰਨ ਦੇ ਇਛੁੱਕ ਹਨ।