Agriculture News: ਕਿਸਾਨਾਂ ਲਈ ਖੁਸ਼ਖਬਰੀ ਹੈ। ਇਸ ਵਾਰ ਚੰਗੀ ਮੌਨਸੂਨ ਚੰਗੀ ਰਹਿਣ ਕਰਕੇ ਫਸਲਾਂ ਦਾ ਬੰਪਰ ਝਾੜ ਨਿਕਲਣ ਦੀ ਉਮੀਦ ਹੈ। ਇਹ ਦਾਅਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ 15 ਦਿਨਾਂ ਦੇ ਦੇਸ਼ ਵਿਆਪੀ ਦੌਰੇ ਤੋਂ ਬਾਅਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਇਹ ਆਊਟਰੀਚ ਪ੍ਰੋਗਰਾਮ ਖੇਤੀਬਾੜੀ ਉਤਪਾਦਨ ਨੂੰ ਵਧਾਉਣ ਲਈ ਨੀਤੀਆਂ ਤੇ ਖੋਜ ਯੋਜਨਾਵਾਂ ਨੂੰ ਆਧੁਨਿਕ ਬਣਾਉਣ ਵਿੱਚ ਮਦਦ ਕਰੇਗਾ।
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਆਮ ਤੋਂ ਵੱਧ ਮੌਨਸੂਨ ਬਾਰਸ਼ ਦੀ ਭਵਿੱਖਬਾਣੀ ਦੇ ਨਾਲ ਭਾਰਤ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ 2025-26 ਦੇ ਸਾਉਣੀ ਸੀਜ਼ਨ ਦੌਰਾਨ ਅਨਾਜ ਉਤਪਾਦਨ ਵਿੱਚ ਇੱਕ ਨਵਾਂ ਰਿਕਾਰਡ ਹਾਸਲ ਕਰ ਸਕਦਾ ਹੈ। ਖੇਤੀਬਾੜੀ ਮੰਤਰੀ ਨੇ ਨਕਲੀ ਤੇ ਘਟੀਆ ਕੀਟਨਾਸ਼ਕਾਂ ਦੀ ਵਿਕਰੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਤੇ ਸੰਤੁਲਿਤ ਖਾਦ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਮਿੱਟੀ ਸਿਹਤ ਕਾਰਡ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਬਾਰੇ ਵੀ ਗੱਲ ਕੀਤੀ।
ਖੇਤੀਬਾੜੀ ਮੰਤਰਾਲੇ ਦੇ ਤੀਜੇ ਅਨੁਮਾਨ ਅਨੁਸਾਰ 2024-25 ਦੇ ਸਾਉਣੀ ਸੀਜ਼ਨ ਵਿੱਚ ਭਾਰਤ ਦਾ ਅਨਾਜ ਉਤਪਾਦਨ ਰਿਕਾਰਡ 168.06 ਮਿਲੀਅਨ ਟਨ ਤੱਕ ਪਹੁੰਚ ਜਾਵੇਗਾ। 2014-15 ਤੋਂ ਸਾਉਣੀ ਅਨਾਜ ਉਤਪਾਦਨ ਵਿੱਚ 31.23 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਚੌਹਾਨ ਨੇ ਕਿਹਾ, "ਚੱਲ ਰਹੀ ਮੁਹਿੰਮ ਸਾਉਣੀ ਸੀਜ਼ਨ ਵਿੱਚ ਖੇਤੀਬਾੜੀ ਉਤਪਾਦਨ ਨੂੰ ਹੋਰ ਵਧਾਉਣ ਵਿੱਚ ਮਦਦ ਕਰੇਗੀ, ਕਿਉਂਕਿ ਅਸੀਂ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਤੇ ਉਨ੍ਹਾਂ ਨੂੰ ਨਵੀਆਂ ਤਕਨੀਕਾਂ ਤੇ ਅਭਿਆਸਾਂ ਬਾਰੇ ਸਿੱਖਿਅਤ ਕਰਨ ਦੇ ਯਤਨ ਕਰ ਰਹੇ ਹਾਂ।"
ਮੰਤਰੀ ਨੇ ਕਿਹਾ ਕਿ ਹੁਣ ਤੱਕ 10 ਰਾਜਾਂ ਦੇ ਆਪਣੇ ਦੌਰੇ ਦੌਰਾਨ ਉਨ੍ਹਾਂ ਨੂੰ ਕਿਸਾਨਾਂ ਤੋਂ ਪਤਾ ਲੱਗਾ ਹੈ ਕਿ ਕੁਝ ਖੇਤਰਾਂ ਵਿੱਚ ਮੌਜੂਦਾ ਫਸਲਾਂ ਦੀਆਂ ਕਿਸਮਾਂ ਨੇ ਉੱਭਰ ਰਹੇ ਕੀੜਿਆਂ ਪ੍ਰਤੀ ਵਿਰੋਧ ਵਿਕਸਤ ਕੀਤਾ ਹੈ। ਕਿਸਾਨਾਂ ਨੇ ਨਕਲੀ ਕੀਟਨਾਸ਼ਕਾਂ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਤੇ ਡਿੱਗਦੀਆਂ ਕੀਮਤਾਂ ਦੌਰਾਨ ਵਧੇਰੇ ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਜਾਣਕਾਰੀ ਦੇ ਆਧਾਰ 'ਤੇ ਥੋੜ੍ਹੇ, ਦਰਮਿਆਨੇ ਤੇ ਲੰਬੇ ਸਮੇਂ ਦੇ ਲਾਗੂਕਰਨ ਲਈ ਖੋਜ ਯੋਜਨਾਵਾਂ ਤੇ ਨੀਤੀਆਂ ਵਿਕਸਤ ਕੀਤੀਆਂ ਜਾਣਗੀਆਂ।
ਚੌਹਾਨ ਨੇ ਕਿਹਾ ਕਿ ਇਹ ਯਤਨ ਤੇ ਸੰਭਾਵੀ ਚੰਗਾ ਮਾਨਸੂਨ 2025-26 ਵਿੱਚ ਸਾਉਣੀ ਅਨਾਜ ਉਤਪਾਦਨ ਵਿੱਚ ਇੱਕ ਨਵਾਂ ਰਿਕਾਰਡ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਸਾਉਣੀ ਦੀਆਂ ਫਸਲਾਂ ਜਿਵੇਂ ਝੋਨੇ ਦੀ ਬਿਜਾਈ ਜੁਲਾਈ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਆਉਣ ਨਾਲ ਸ਼ੁਰੂ ਹੋ ਜਾਂਦੀ ਹੈ। ਇਸ ਸਾਲ ਮੌਨਸੂਨ ਦੀ ਬਾਰਸ਼ ਆਮ ਰਹਿਣ ਦੀ ਉਮੀਦ ਹੈ। ਭਾਰਤ ਮੌਸਮ ਵਿਭਾਗ (IMD) ਨੇ ਪੂਰੇ 2025 ਸੀਜ਼ਨ (ਜੂਨ ਤੋਂ ਸਤੰਬਰ) ਲਈ ਦੱਖਣ-ਪੱਛਮੀ ਮਾਨਸੂਨ ਆਮ ਨਾਲੋਂ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਹੈ।