ਨਵੀਂ ਦਿੱਲੀ: ਕਿਸਾਨਾਂ ਲਈ ਖੁਸ਼ਖਬਰੀ ਹੈ। ਇਸ ਵਾਰ ਝੋਨੇ ਦੇ ਚੰਗੇ ਭਾਅ ਮਿਲਣ ਦੀ ਉਮੀਦ ਹੈ। ਇਹ ਖੁਲਾਸਾ ਤਾਜ਼ਾ ਅੰਕੜਿਆਂ ਵਿੱਚ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇੱਕ ਪਾਸੇ ਝੋਨੇ ਦੀ ਬਿਜਾਈ ਦਾ ਖੇਤਰ ਘਟਿਆ ਹੈ। ਦੂਜੇ ਪਾਸੇ ਕੌਮਾਂਤਰੀ ਖੁਰਾਕ ਸੰਕਟ ਕਰਕੇ ਚੌਲਾਂ ਦੇ ਰੇਟ ਵਧਣ ਦੀ ਸੰਭਾਵਨਾ ਹੈ। ਬੇਸ਼ੱਕ ਇਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ ਪਰ ਦੇਸ਼ ਅੰਦਰ ਮਹਿੰਗਾਈ ਹੋਰ ਵਧਣ ਦੀ ਚਿੰਤਾ ਵੀ ਸਤਾਉਣ ਲੱਗੀ ਹੈ। 


ਸਰਕਾਰੀ ਅੰਕੜਿਆਂ ਮੁਤਾਬਕ ਝੋਨੇ ਦੀ ਬਿਜਾਈ ਦਾ ਖੇਤਰ ਘਟਣ ਕਾਰਨ ਇਸ ਸਾਲ ਚੌਲਾਂ ਦੀ ਪੈਦਾਵਾਰ 60-70 ਲੱਖ ਟਨ ਘੱਟ ਗਈ ਹੈ। ਇਸ ਕਾਰਨ ਚੌਲਾਂ ਦੀ ਕੀਮਤ ਉੱਚੀ ਬਣੀ ਰਹਿ ਸਕਦੀ ਹੈ। ਇਸ ਨਾਲ ਕਿਸਾਨਾਂ ਤੇ ਚੌਲਾਂ ਦੇ ਕਾਰੋਬਾਰੀਆਂ ਨੂੰ ਰਾਹਤ ਮਿਲੇਗੀ ਪਰ ਸੁਸਤ ਆਰਥਿਕਤਾ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਹੈ ਤੇ ਇਸ ਨਾਲ ਬੋਝ ਹੋਰ ਵਧੇਗਾ। 


ਦੱਸ ਦਈਏ ਕਿ ਅਨਾਜ ਸਣੇ ਹੋਰ ਖੁਰਾਕੀ ਪਦਾਰਥ ਮਹਿੰਗੇ ਹੋਣ ਕਾਰਨ ਪ੍ਰਚੂਨ ਮਹਿੰਗਾਈ ਵੱਧ ਗਈ ਸੀ ਤੇ ਅਪਰੈਲ ਵਿਚ 7 ਫ਼ੀਸਦੀ ਤੱਕ ਪਹੁੰਚ ਗਈ ਸੀ। ਇਸੇ ਤਰ੍ਹਾਂ ਥੋਕ ਮਹਿੰਗਾਈ ਵੀ ਅਨਾਜ ਦੀ ਮਹਿੰਗਾਈ ਦੇ ਬੋਝ ਹੇਠਾਂ ਦੱਬੀ ਹੋਈ ਹੈ। ਮੁਲਕ ਦੇ ਕੁਝ ਹਿੱਸਿਆਂ ਵਿਚ ਤਿੱਖੀ ਗਰਮੀ ਪੈਣ ਕਾਰਨ ਕਣਕ ਦੀ ਪੈਦਾਵਾਰ ਘਟੀ ਹੈ। 


ਇਹ ਵੀ ਪੜ੍ਹੋ:irrigation scam: 2 ਸਾਬਕਾਂ ਮੰਤਰੀਆਂ ਤੇ 3 ਸੇਵਾਮੁਕਤ IAS ਅਧਿਕਾਰੀਆਂ ਖ਼ਿਲਾਫ lookout notice ਜਾਰੀ


ਜੂਨ ਤੋਂ ਲੈ ਕੇ ਸਤੰਬਰ ਤੱਕ ਚੰਗੀ ਤਰ੍ਹਾਂ ਮੀਂਹ ਨਾ ਪੈਣ ਤੇ ਦੱਖਣ-ਪੱਛਮੀ ਮਾਨਸੂਨ ਦੇ ਦੇਰੀ ਨਾਲ ਵਿਦਾ ਹੋਣ ਕਾਰਨ ਵੀ ਚੌਲਾਂ ਦੀ ਪੈਦਾਵਾਰ ਉਤੇ ਅਸਰ ਪਿਆ ਹੈ। ਭਾਰਤ ਵਿਚ ਚੌਲਾਂ ਦੀ ਪੈਦਾਵਾਰ ਸਾਲ 2021-22 ਫ਼ਸਲੀ ਵਰ੍ਹੇ ਦੌਰਾਨ ਰਿਕਾਰਡ 130.29 ਮਿਲੀਅਨ ਟਨ ਰਹੀ ਹੈ। ਇਸ ਤੋਂ ਪਿਛਲੇ ਸਾਲ ਇਹ 124.37 ਮਿਲੀਅਨ ਟਨ ਸੀ। 


ਖੁਰਾਕ ਮੰਤਰਾਲੇ ਨੇ ਇਸ ਸਾਲ ਪੈਦਾਵਾਰ 6-7 ਮਿਲੀਅਨ ਟਨ ਘੱਟ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਇਹ ਅਨੁਮਾਨ ਸਾਉਣੀ ਦੇ ਸੀਜ਼ਨ ਲਈ ਹੈ ਜਿਸ ਦੌਰਾਨ ਦੇਸ਼ ਦੇ 85 ਪ੍ਰਤੀਸ਼ਤ ਚੌਲ ਪੈਦਾ ਹੁੰਦੇ ਹਨ। ਉਧਰ, ਕੌਮਾਂਤਰੀ ਹਾਲਾਤ ਕਾਰਨ ਵੀ ਆਨਾਜ਼ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਕਰਕੇ ਇਸ ਦਾ ਅਸਰ ਵੀ ਚੌਲਾਂ ਦੀਆਂ ਕੀਮਤਾਂ ਉੱਪਰ ਪੈਣਾ ਯਕੀਨੀ ਹੈ।