Agriculture Loan: ਕਿਸਾਨਾਂ ਲਈ ਰਾਹਤ ਦੀ ਖਬਰ ਹੈ। ਕੇਂਦਰ ਸਰਕਾਰ ਨੇ ਅਗਲੇ ਵਿੱਤੀ ਸਾਲ 2025-26 ਲਈ ਸੋਧੀ ਹੋਈ ਵਿਆਜ ਸਬਸਿਡੀ ਯੋਜਨਾ (MISS) ਨੂੰ ਜਾਰੀ ਰੱਖਣ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਲੋੜੀਂਦਾ ਫੰਡ ਵੀ ਤੈਅ ਕਰ ਲਿਆ ਗਿਆ ਹੈ। ਇਹ ਯੋਜਨਾ ਕਿਸਾਨ ਕ੍ਰੈਡਿਟ ਕਾਰਡ (KCC) ਰਾਹੀਂ ਕਿਸਾਨਾਂ ਨੂੰ ਘੱਟ ਵਿਆਜ 'ਤੇ ਥੋੜ੍ਹੇ ਸਮੇਂ ਦੇ ਕਰਜ਼ੇ ਪ੍ਰਦਾਨ ਕਰਨ ਲਈ ਹੈ। ਇਹ ਫੈਸਲਾ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ। 

ਦੱਸ ਦਈਏ ਕਿ ਕਿਸਾਨ KCC ਤੋਂ 7% ਵਿਆਜ 'ਤੇ 5 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ ਜਿਸ ਵਿੱਚ ਬੈਂਕਾਂ ਨੂੰ 1.5% ਵਿਆਜ ਸਬਸਿਡੀ ਮਿਲਦੀ ਹੈ। ਸਮੇਂ ਸਿਰ ਕਰਜ਼ਾ ਚੁਕਾਉਣ ਵਾਲੇ ਕਿਸਾਨਾਂ ਨੂੰ 3% ਤੱਕ ਦਾ ਪ੍ਰੋਤਸਾਹਨ ਮਿਲਦਾ ਹੈ। ਯਾਨੀ ਉਨ੍ਹਾਂ ਦਾ ਵਿਆਜ ਸਿਰਫ 4% ਰਹਿੰਦਾ ਹੈ। ਵਿਆਜ ਲਾਭ 2 ਲੱਖ ਰੁਪਏ ਤੱਕ ਦੇ ਪਸ਼ੂ ਪਾਲਣ ਜਾਂ ਮੱਛੀ ਪਾਲਣ ਲਈ ਲਏ ਗਏ ਕਰਜ਼ਿਆਂ 'ਤੇ ਵੀ ਲਾਗੂ ਹੁੰਦਾ ਹੈ। ਇਸ ਯੋਜਨਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਯਾਨੀ ਪੁਰਾਣੀਆਂ ਸ਼ਰਤਾਂ ਤੇ ਢਾਂਚਾ ਉਹੀ ਰਹੇਗਾ। ਦੇਸ਼ ਵਿੱਚ 7.75 ਕਰੋੜ ਤੋਂ ਵੱਧ KCC ਖਾਤੇ ਹਨ।

ਹਾਸਲ ਜਾਣਕਾਰੀ ਮੁਤਾਬਕ 2014 ਵਿੱਚ KCC ਰਾਹੀਂ ਕਰਜ਼ਾ 4.26 ਲੱਖ ਕਰੋੜ ਰੁਪਏ ਸੀ, ਜੋ ਦਸੰਬਰ 2024 ਤੱਕ ਵਧ ਕੇ 10.05 ਲੱਖ ਕਰੋੜ ਰੁਪਏ ਹੋ ਗਿਆ। ਕੁੱਲ ਖੇਤੀਬਾੜੀ ਕਰਜ਼ਾ 2013-14 ਵਿੱਚ 7.3 ਲੱਖ ਕਰੋੜ ਰੁਪਏ ਤੋਂ ਵਧ ਕੇ 2023-24 ਵਿੱਚ 25.49 ਲੱਖ ਕਰੋੜ ਰੁਪਏ ਹੋ ਗਿਆ। ਅਗਸਤ 2023 ਵਿੱਚ ਸ਼ੁਰੂ ਕੀਤਾ ਗਿਆ ਕਿਸਾਨ ਕਰਜ਼ਾ ਪੋਰਟਲ (KRP) ਲੋਨ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਤੇ ਆਸਾਨ ਬਣਾ ਰਿਹਾ ਹੈ।

KCC ਕਾਰਡ ਬਣਾਉਣ ਦੀ ਪ੍ਰਕਿਰਿਆ

1. ਯੋਗਤਾ ਦੀ ਜਾਂਚ ਕਰੋ: ਵਿਅਕਤੀਗਤ ਜਾਂ ਸਾਂਝੇ ਕਿਸਾਨ, ਭਾਵੇਂ ਉਹ ਮਾਲਕ ਹੋਣ ਜਾਂ ਠੇਕੇਦਾਰ ਕਿਸਾਨ। ਇਸ ਦੇ ਨਾਲ ਹੀ ਪਸ਼ੂ ਪਾਲਣ ਜਾਂ ਮੱਛੀ ਪਾਲਣ ਕਰਨ ਵਾਲੇ ਵੀ KCC ਲਈ ਅਰਜ਼ੀ ਦੇ ਸਕਦੇ ਹਨ। ਸਿਰਫ਼ 18 ਤੋਂ 75 ਸਾਲ ਦੇ ਕਿਸਾਨ ਹੀ ਇਹ ਕਾਰਡ ਬਣਵਾ ਸਕਦੇ ਹਨ।

2. ਲੋੜੀਂਦੇ ਦਸਤਾਵੇਜ਼: ਪਛਾਣ ਸਬੂਤ ਲਈ, ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈਡੀ, ਡਰਾਈਵਿੰਗ ਲਾਇਸੈਂਸ ਵਰਗੇ ਕਿਸੇ ਵੀ ਦਸਤਾਵੇਜ਼ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ ਪਤੇ ਦੇ ਸਬੂਤ ਲਈ ਆਧਾਰ ਕਾਰਡ, ਰਾਸ਼ਨ ਕਾਰਡ, ਬਿਜਲੀ ਬਿੱਲ ਵਰਗੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਖੇਤ ਦੀ ਖਤੌਣੀ, ਜਮ੍ਹਾਂਬੰਦੀ ਜਾਂ ਠੇਕੇ ਦਾ ਇਕਰਾਰਨਾਮਾ ਜ਼ਰੂਰੀ ਹੋਵੇਗਾ।

3. ਬੈਂਕ ਚੁਣੋ: ਕੇਸੀਸੀ ਸਕੀਮ ਵਿੱਚ ਸ਼ਾਮਲ ਕੋਈ ਵੀ ਬੈਂਕ ਜਿਵੇਂ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ), ਪੰਜਾਬ ਨੈਸ਼ਨਲ ਬੈਂਕ (ਪੀਐਨਬੀ), ਖੇਤਰੀ ਪੇਂਡੂ ਬੈਂਕ ਜਾਂ ਸਹਿਕਾਰੀ ਬੈਂਕ, ਇਹ ਕਾਰਡ ਜਾਰੀ ਕਰਦਾ ਹੈ। ਉਹ ਬੈਂਕ ਚੁਣੋ ਜਿੱਥੇ ਤੁਹਾਡਾ ਪਹਿਲਾਂ ਹੀ ਖਾਤਾ ਹੈ ਜਾਂ ਜੋ ਤੁਹਾਡੇ ਖੇਤਰ ਵਿੱਚ ਆਸਾਨੀ ਨਾਲ ਉਪਲਬਧ ਹੈ।

4. ਅਰਜ਼ੀ ਫਾਰਮ ਭਰੋ: ਆਪਣੇ ਨਜ਼ਦੀਕੀ ਬੈਂਕ ਵਿੱਚ ਜਾਓ ਤੇ ਕੇਸੀਸੀ ਅਰਜ਼ੀ ਫਾਰਮ ਮੰਗੋ। ਬਹੁਤ ਸਾਰੇ ਬੈਂਕਾਂ ਦੇ ਫਾਰਮ ਉਨ੍ਹਾਂ ਦੀ ਵੈੱਬਸਾਈਟ 'ਤੇ ਵੀ ਉਪਲਬਧ ਹਨ। ਇਸ ਦੇ ਨਾਲ ਹੀ ਕੁਝ ਬੈਂਕਾਂ ਦੇ ਔਨਲਾਈਨ ਪੋਰਟਲ ਰਾਹੀਂ ਕੇਸੀਸੀ ਲਈ ਅਰਜ਼ੀਆਂ ਵੀ ਸਵੀਕਾਰ ਕੀਤੀਆਂ ਜਾਂਦੀਆਂ ਹਨ।

5. ਪ੍ਰਕਿਰਿਆ ਦਾ ਸਮਾਂ: ਆਮ ਤੌਰ 'ਤੇ ਕੇਸੀਸੀ ਅਰਜ਼ੀ ਜਮ੍ਹਾਂ ਕਰਨ ਦੇ 15-30 ਦਿਨਾਂ ਦੇ ਅੰਦਰ ਜਾਰੀ ਕੀਤਾ ਜਾਂਦਾ ਹੈ। ਬਸ਼ਰਤੇ ਦਸਤਾਵੇਜ਼ ਪੂਰੇ ਹੋਣ ਤੇ ਕੋਈ ਸਮੱਸਿਆ ਨਾ ਹੋਵੇ। ਜੇਕਰ ਤੁਸੀਂ ਪੀਐਮ ਕਿਸਾਨ ਯੋਜਨਾ ਨਾਲ ਜੁੜੇ ਹੋ ਤਾਂ ਪ੍ਰਕਿਰਿਆ ਤੇਜ਼ ਹੋ ਸਕਦੀ ਹੈ।