ਚੰਡੀਗੜ੍ਹ: ਨਕਲੀ ਸ਼ਹਿਦ ਨੇ ਪੰਜਾਬ ਦੇ ਮੱਖੀ ਪਾਲਕਾਂ ਨੂੰ ਝੰਬ ਸੁੱਟਿਆ ਹੈ। ਨਕਲੀ ਸ਼ਹਿਦ ਦਾ ਕਾਲਾ ਕਾਰੋਬਾਰ ਮੱਖੀ ਪਾਲਕਾਂ ਦੀ ਆਰਥਿਕਤਾ ਨੂੰ ਮੋਟਾ ਨੁਕਸਾਨ ਪਹੁੰਚਾ ਰਿਹਾ ਹੈ। ਇਸ ਕਾਰਨ ਸਹਾਇਕ ਧੰਦੇ ਕਰਨ ਵਾਲੇ ਕਿਸਾਨ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਹੇ ਹਨ। ਦੂਜੇ ਪਾਸੇ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਨਾਲ ਕਿਸਾਨ ਕਾਫੀ ਦੁਖੀ ਹਨ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਸੁਰਮੁਖ ਸਿੰਘ ਸਿੱਧੂ ਨੇ ਦੱਸਿਆ ਕਿ ਸਹਾਇਕ ਧੰਦੇ ਵਜੋਂ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਸ਼ਹਿਦ ਦੀਆਂ ਮੱਖੀਆਂ ਪਾਲਕੇ ਆਪਣਾ ਵਧੀਆ ਰੁਜ਼ਗਾਰ ਚਲਾ ਰਹੇ ਸਨ। ਹੁਣ ਬਾਜ਼ਾਰ ਵਿੱਚ ਵਿਕ ਰਹੇ ਨਕਲੀ ਸ਼ਹਿਦ ਨੇ ਕਿਸਾਨਾਂ ਨੂੰ ਕੱਖੋਂ ਹੌਲੇ ਕਰਕੇ ਰੱਖ ਦਿੱਤੇ।

ਉਨ੍ਹਾਂ ਦੱਸਿਆ ਕਿ ਅੱਜ ਤੋਂ ਪੰਜ ਸਾਲ ਪਹਿਲਾਂ ਸ਼ੁੱਧ ਸ਼ਹਿਦ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਸੀ, ਪਰ ਹੁਣ ਖੰਡ ਤੇ ਹੋਰ ਵਸਤਾਂ ਦੀ ਮਿਲਾਵਟ ਵਾਲਾ ਨਕਲੀ ਸ਼ਹਿਦ ਬਾਜ਼ਾਰ ਵਿੱਚ ਆਉਣ ਕਰਕੇ ਪੈਦਾਵਰ ਦੁੱਗਣੀ ਹੋ ਗਈ ਹੈ ਤੇ ਸ਼ਹਿਦ ਦਾ ਮੁੱਲ 70/ 75 ਰੁਪਏ ਪ੍ਰਤੀ ਕਿੱਲੋ ’ਤੇ ਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰ੍ਹੋਂ ਦੀ ਖੇਤੀ ਨਾ ਹੋਣ ਕਰਕੇ ਸ਼ਹਿਦ ਉਤਪਾਦਕਾਂ ਨੂੰ ਮੱਖੀਆਂ ਦੇ ਬਕਸੇ ਲੈ ਕਿ ਹਰਿਆਣਾ/ਰਾਜਸਥਾਨ ਵਿੱਚ ਆਉਣਾ-ਜਾਣਾ ਪੈਂਦਾ ਹੈ, ਜਿਸ ਕਾਰਨ ਟਰਾਂਸਪੋਰਟ/ਕਿਰਾਇਆ ਤੇ ਢੋਆ-ਢੁਆਈ ਦੇ ਖਰਚੇ ਵਧ ਚੁੱਕੇ ਹਨ।

ਇਸ ਤੋਂ ਇਲਾਵਾ ਨਕਲੀ ਸ਼ਹਿਦ ਦੇ ਕਾਰੋਬਾਰ ਨੇ ਅਸਲੀ ਸ਼ਹਿਦ ਦੇ ਕਾਰੋਬਾਰ ਨੂੰ ਵੱਡੀ ਢਾਹ ਲਾਈ ਹੈ, ਜਿਸ ਕਾਰਨ ਮੱਖੀ ਪਾਲਕ ਕਿਸਾਨ ਨਿਰਾਸ਼ਾ ਦੇ ਆਲਮ ਵਿੱਚ ਦਿਨ ਕਟੀ ਕਰਨ ਨੂੰ ਮਜ਼ਬੂਰ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਕਲੀ ਸ਼ਹਿਦ ਵੇਚ ਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਉਪਰ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਸ਼ਹਿਦ ਦਾ ਸ਼ੁੱਧ ਕਾਰੋਬਾਰ ਕਰ ਰਹੇ ਮੱਖੀ ਪਾਲਕ ਕਿਸਾਨਾਂ ਦੇ ਰੁਜ਼ਗਾਰ ਨੂੰ ਬਚਾਇਆ ਜਾ ਸਕੇ।