Anjeer Di kheti: ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਨਾਲ-ਨਾਲ ਵਪਾਰਕ ਫਸਲਾਂ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕਰ ਰਹੀਆਂ ਹਨ। ਪੰਜਾਬ ਅੰਦਰ ਪਿਛਲੇ ਕੁਝ ਸਮੇਂ ਤੋਂ ਬਾਗਬਾਨੀ ਦਾ ਰੁਝਾਨ ਵਧਿਆ ਹੈ। ਬੇਸ਼ੱਕ ਪੰਜਾਬ ਅੰਦਰ ਅਮਰੂਦ, ਕਿੰਨੂ, ਬੇਰ, ਨਾਖਾਂ ਤੇ ਬੱਗੂਗੋਸਾ ਵਰਗੇ ਫਲਾਂ ਨੂੰ ਹੀ ਕਿਸਾਨ ਤਰਜੀਹ ਦੇ ਰਹੇ ਹਨ ਪਰ ਕਈ ਹੋਰ ਫਲ ਵੀ ਕਿਸਾਨਾਂ ਦੀ ਕਿਸਮਤ ਬਦਲ ਸਕਦੇ ਹਨ। ਇਨ੍ਹਾਂ ਵਿੱਚ ਇੱਕ ਅੰਜੀਰ ਦੀ ਖੇਤੀ ਹੈ।  ਕਿਸਾਨ ਇਸ ਦੀ ਕਾਸ਼ਤ ਤੋਂ ਮੋਟਾ ਲਾਭ ਕਮਾ ਸਕਦੇ ਹਨ।

ਅੰਜੀਰ ਦੇ ਉਤਪਾਦਨ 'ਚ ਭਾਰਤ 12ਵੇਂ ਸਥਾਨ 'ਤੇ 

ਅੰਜੀਰ ਦੇ ਉਤਪਾਦਨ ਵਿੱਚ ਭਾਰਤ 12ਵੇਂ ਸਥਾਨ 'ਤੇ ਹੈ। ਅੰਜੀਰ ਦੀ ਵਪਾਰਕ ਕਾਸ਼ਤ ਜ਼ਿਆਦਾਤਰ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਕਰਨਾਟਕ ਤੇ ਤਾਮਿਲਨਾਡੂ ਦੇ ਪੱਛਮੀ ਹਿੱਸਿਆਂ ਤੇ ਕੋਇੰਬਟੂਰ ਤੱਕ ਸੀਮਤ ਹੈ ਪਰ ਹੁਣ ਇਸ ਦੀ ਕਾਸ਼ਤ ਨੂੰ ਹੋਰ ਸੂਬਿਆਂ ਵਿੱਚ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਵੀ ਕੁਝ ਕਿਸਾਨ ਅੰਜੀਰ ਦੀ ਕਾਸ਼ਤ ਕਰ ਰਹੇ ਹਨ। ਤਜਰਬਾ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵੀ ਅੰਜੀਰ ਦੀ ਕਾਸ਼ਤ ਕਰਕੇ ਚੰਗਾ ਪੈਸਾ ਕਮਾ ਸਕਦੇ ਹਨ।

ਅੰਜੀਰ ਦੀਆਂ ਉੱਨਤ ਕਿਸਮਾਂ

ਅੰਜੀਰ ਦੀਆਂ ਉੱਨਤ ਕਿਸਮਾਂ ਵਿੱਚੋਂ, ਸਿਮਰਾਨਾ, ਡਾਇਨਾ, ਕਾਲੀਮਿਰਨਾ, ਕਡੋਟਾ, ਕਾਬੁਲ, ਮਾਰਸਲੀਜ਼ ਤੇ ਵ੍ਹਾਈਟ ਸੈਨ ਪੈਟਰੋ ਕਾਫ਼ੀ ਮਸ਼ਹੂਰ ਹਨ। ਇਸ ਤੋਂ ਇਲਾਵਾ ਪੂਨਾ ਅੰਜੀਰ ਜੋ ਮਹਾਰਾਸ਼ਟਰ ਦੇ ਪੁਣੇ ਖੇਤਰ ਵਿੱਚ ਉਗਾਇਆ ਜਾਂਦਾ ਹੈ, ਵੀ ਕਾਫ਼ੀ ਮਸ਼ਹੂਰ ਹੈ।

ਤਾਪਮਾਨ ਤੇ ਮਿੱਟੀ

ਉਂਝ ਤਾਂ ਅੰਜੀਰ ਠੰਢੇ ਮੌਸਮ ਨੂੰ ਚੰਗਾ ਮੰਨਦੀ ਹੈ ਪਰ ਠੰਢੇ ਇਲਾਕਿਆਂ ਤੋਂ ਇਲਾਵਾ ਅੰਜੀਰ ਦੇ ਪੌਦੇ 25 ਤੋਂ 35 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਬਹੁਤ ਤੇਜ਼ੀ ਨਾਲ ਵਧਦੇ ਹਨ। ਜੇਕਰ ਮਿੱਟੀ ਦੀ ਗੱਲ ਕਰੀਏ ਕਿ ਅੰਜੀਰ ਦੀ ਕਾਸ਼ਤ ਲਈ ਚੰਗੀ ਨਿਕਾਸੀ ਵਾਲੀ ਡੂੰਘੀ ਦੋਮਟ ਮਿੱਟੀ ਸਭ ਤੋਂ ਵਧੀਆ ਹੈ। ਇਸ ਦੌਰਾਨ ਮਿੱਟੀ ਦਾ pH ਮੁੱਲ 6-7 ਦੇ ਵਿਚਕਾਰ ਹੋਣਾ ਚਾਹੀਦਾ ਹੈ। 

ਅੰਜੀਰ ਦੀ ਖੇਤੀ ਵਿੱਚੋਂ ਕਿੰਨੀ ਕਮਾਈ 

ਇੱਕ ਹੈਕਟੇਅਰ (ਢਾਈ ਏਕੜ) ਵਿੱਚ 625 ਅੰਜੀਰ ਦੇ ਪੌਦੇ ਲਗਾਏ ਜਾ ਸਕਦੇ ਹਨ।

ਅੰਜੀਰ ਦੀ ਕਾਸ਼ਤ ਲਈ 4X4 ਮੀਟਰ ਦੂਰੀ ਉਪਰ ਪੌਦੇ ਲਗਾਓ।

ਅੰਜੀਰ ਦਾ ਝਾੜ ਇਸ ਦੀਆਂ ਕਿਸਮਾਂ 'ਤੇ ਨਿਰਭਰ ਕਰਦਾ ਹੈ।

ਇੱਕ ਪੌਦੇ ਤੋਂ ਲਗਪਗ 20 ਕਿਲੋ ਅੰਜੀਰ ਦੇ ਫਲ ਪ੍ਰਾਪਤ ਹੁੰਦੇ ਹਨ।

ਬਾਜ਼ਾਰ ਵਿੱਚ ਅੰਜੀਰ ਦੀ ਕੀਮਤ 600 ਤੋਂ 1,000 ਰੁਪਏ ਪ੍ਰਤੀ ਕਿਲੋ ਹੈ।

ਇਸ ਅਨੁਸਾਰ ਇੱਕ ਹੈਕਟੇਅਰ ਖੇਤ ਵਿੱਚ ਅੰਜੀਰ ਦੀ ਕਾਸ਼ਤ ਤੋਂ 1.25 ਕਰੋੜ ਰੁਪਏ ਕਮਾਏ ਜਾ ਸਕਦੇ ਹਨ।

ਅੰਜੀਰ ਨੂੰ ਮੰਨਿਆ ਜਾਂਦਾ 'ਸੁਪਰਫਰੂਟ'

ਅੰਜੀਰ ਨੂੰ 'ਸੁਪਰਫਰੂਟ' ਮੰਨਿਆ ਜਾਂਦਾ ਹੈ। ਇਸ ਵਿਚਲੇ ਗੁਣਾਂ ਕਰਕੇ ਇਹ ਦੀ ਕਾਫੀ ਮੰਗ ਹੈ। ਅਹਿਮ ਗੱਲ ਹੈ ਕਿ ਇਸ ਨੂੰ ਹਰੀ ਤੇ ਸੁੱਕੀ ਦੋਵਾਂ ਤਰੀਕਿਆਂ ਨਾਲ ਵੇਚਿਆ ਜਾ ਸਕਦਾ ਹੈ। ਇਸ ਤੋਂ ਮੁਰੱਬਾ, ਜੂਸ, ਆਚਾਰ ਤੇ ਹੋਰ ਕਈ ਉਤਪਾਦ ਤਿਆਰ ਕੀਤਾ ਜਾ ਸਕਦੇ ਹਨ। ਦਰਅਸਲ ਐਂਟੀਆਕਸੀਡੈਂਟਸ ਨਾਲ ਭਰਪੂਰ ਅੰਜੀਰ ਖਾਣ ਨਾਲ ਬਹੁਤ ਸਾਰੇ ਫਾਇਦੇ ਮਿਲਦੇ ਹਨ।ਇਸ ਦੇ ਰੋਜ਼ਾਨਾ ਸੇਵਨ ਨਾਲ ਗਠੀਆ, ਅਧਰੰਗ ਤੇ ਪਿਸ਼ਾਬ ਦੌਰਾਨ ਜਲਣ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਹ 'ਸੁਪਰਫਰੂਟ' ਚਮੜੀ ਨੂੰ ਚਮਕਦਾਰ ਬਣਾਉਣ ਤੇ ਗਠੀਆ ਵਰਗੀਆਂ ਬਿਮਾਰੀਆਂ ਨੂੰ ਹਰਾਉਣ ਵਿੱਚ ਪ੍ਰਭਾਵਸ਼ਾਲੀ ਹੈ।

ਇਸ ਤੋਂ ਇਲਾਵਾ ਫਾਈਬਰ ਦੀ ਭਰਪੂਰ ਮਾਤਰਾ ਕਾਰਨ ਪਾਚਨ ਪ੍ਰਣਾਲੀ ਵੀ ਸਹੀ ਢੰਗ ਨਾਲ ਕੰਮ ਕਰਦੀ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ੀਅਮ ਹੁੰਦਾ ਹੈ, ਜੋ ਦਿਲ ਨੂੰ ਸਿਹਤਮੰਦ ਰੱਖਣ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਅੰਜੀਰ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਇਮਿਊਨਿਟੀ ਵਧਾਉਂਦਾ ਹੈ ਤੇ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਅੰਜੀਰ ਵਿੱਚ ਕੈਲਸ਼ੀਅਮ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹੁੰਦਾ ਹੈ।

ਇਸ ਵਿੱਚ ਕਾਰਬੋਹਾਈਡ੍ਰੇਟ ਤੇ ਕੁਦਰਤੀ ਸ਼ੂਗਰ ਹੁੰਦੀ ਹੈ, ਜੋ ਸਰੀਰ ਨੂੰ ਊਰਜਾ ਦਿੰਦੀ ਹੈ। ਪੋਟਾਸ਼ੀਅਮ ਤੋਂ ਇਲਾਵਾ, ਅੰਜੀਰ ਵਿੱਚ ਕੈਲਸ਼ੀਅਮ, ਫਾਸਫੋਰਸ ਤੇ ਮੈਗਨੀਸ਼ੀਅਮ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ ਮੌਜੂਦ ਫਾਈਬਰ ਪੇਟ ਨਾਲ ਸਬੰਧਤ ਸਮੱਸਿਆਵਾਂ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਇਹ ਭਾਰ ਘਟਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।