ਚੰਡੀਗੜ੍ਹ: ਪੰਜਾਬ 'ਚ ਖੇਤਾਂ 'ਚੋਂ ਗੁਜ਼ਰਦੀਆਂ ਢਿੱਲੀਆਂ ਬਿਜਲੀ ਦੀਆਂ ਤਾਰਾਂ ਹਰ ਸਾਲ ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ 'ਤੇ ਕਹਿਰ ਢਾਉਂਦੀਆਂ ਹਨ। ਫ਼ਸਲ ਢਿੱਲੀਆਂ ਤਾਰਾਂ ਦੀ ਵਜ੍ਹਾਂ ਨਾਲ, ਜਦੋਂ ਰਾਖ ਹੋ ਜਾਂਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਸਵਾਏ ਗਿਰਦਾਵਰੀਆਂ ਕਰਾਉਣ ਦੇ ਫੋਕੇ ਹੁਕਮਾਂ ਤੋਂ ਕਦੇ ਕਿਸੇ ਕਿਸਾਨ ਦੀ ਸਮੇਂ ਸਿਰ ਬਾਂਹ ਨਹੀਂ ਫੜੀ ਗਈ। ਹਰ ਵਰ੍ਹੇ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਫ਼ਸਲ ਪੱਕਣ ਤੋਂ ਪਹਿਲਾਂ ਉਂਝ ਪੰਜਾਬ ਸਰਕਾਰ ਤੇ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਅਫਸਰਾਂ ਨੂੰ ਢਿੱਲੀਆਂ ਤਾਰਾਂ ਕਸਣ ਲਈ ਬਕਾਇਦਾ ਹੁਕਮ ਹੁੰਦੇ ਰਹੇ ਹਨ, ਪਰ ਪਾਵਰ ਕਾਰਪੋਰੇਸ਼ਨ ਵਿੱਚ ਫੀਲਡ ਸਟਾਫ਼ ਦੀ ਘਾਟ ਕਾਰਨ ਹਮੇਸ਼ਾ ਹੀ ਕੰਮ 'ਓਕੇ' ਹੋਣ ਦੀ ਰਿਪੋਰਟ ਭੇਜੀ ਜਾਂਦੀ ਰਹੀ ਹੈ। ਕਿਸਾਨਾਂ ਮੁਤਾਬਕ ਇਸ ਵਾਰ ਵੀ ਕਾਰਪੋਰੇਸ਼ਨ ਨੇ ਆਪਣੀਆਂ ਢਿੱਲੀਆਂ ਤਾਰਾਂ ਨੂੰ ਕਿਧਰੇ ਵੀ ਨਹੀਂ ਕੱਸਿਆ, ਜੋ ਖੇਤਾਂ ਕਣਕ ਦੀ ਵਾਢੀ ਮੌਕੇ ਕਹਿਰ ਵਰਤਾ ਸਕਦੀਆਂ ਹਨ। ਲੰਬੇ ਸਮੇਂ ਤੋਂ ਨਿਕਲੀਆਂ ਇਹ ਬਿਜਲੀ ਵਾਲੀਆਂ ਤਾਰਾਂ ਨੂੰ ਕਦੇ ਵੀ ਪਾਵਰ ਕਾਰਪੋਰੇਸ਼ਨ ਨੇ ਕੱਸਣ ਦਾ ਖਾਸ ਉਪਰਾਲਾ ਨਹੀਂ ਕੀਤਾ ਤੇ ਨਾ ਹੀ ਇਸ ਲਈ ਅੱਜ ਤੱਕ ਕਦੇ ਕਾਰਪੋਰੇਸ਼ਨ ਨੇ ਕੋਈ ਪੈਸਾ ਆਪਣੇ ਸਾਲਾਨਾ ਬਜਟ ਸਮੇਂ ਜਾਰੀ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਅਕਸਰ ਖੇਤਾਂ ਵਿੱਚ ਬਿਜਲੀ ਤਾਰਾਂ ਹੇਠ ਵਾਲੇ ਖੇਤਾਂ ਵਿੱਚ ਹੀ ਅੱਗ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਰਾਂ ਨੂੰ ਕੱਢਣ ਵੇਲੇ ਸਰਕਾਰ ਨੇ ਜਦੋਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਸੀ ਤਾਂ ਫਿਰ ਨੁਕਸਾਨ ਹੋਣ ਵੇਲੇ ਵੀ ਸਹਾਇਤਾ ਰਾਸ਼ੀ ਦੇਣ ਤੋਂ ਕਿਉਂ ਭੱਜਿਆ ਜਾ ਰਿਹਾ ਹੈ।