ਠੇਕੇ 'ਤੇ ਲਈ ਜ਼ਮੀਨ 'ਚੋਂ ਮਹਿਲਾ ਨੂੰ ਮਿਲਿਆ ਕੀਮਤੀ ਹੀਰਾ, ਕੀਮਤ 10 ਲੱਖ ਰੁਪਏ
ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਔਰਤ ਦੀ ਕਿਸਮਤ ਉਸ ਸਮੇਂ ਬਦਲ ਗਈ, ਜਦੋਂ ਉਸ ਨੂੰ ਇੱਕ ਖੱਡ 'ਚੋਂ 2.08 ਕੈਰੇਟ ਦਾ ਹੀਰਾ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਪੱਥਰ ਚੰਗੀ ਗੁਣਵੱਤਾ ਦਾ ਹੈ।
ਭੋਪਾਲ: ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਔਰਤ ਦੀ ਕਿਸਮਤ ਉਸ ਸਮੇਂ ਬਦਲ ਗਈ, ਜਦੋਂ ਉਸ ਨੂੰ ਇੱਕ ਖੱਡ 'ਚੋਂ 2.08 ਕੈਰੇਟ ਦਾ ਹੀਰਾ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਪੱਥਰ ਚੰਗੀ ਗੁਣਵੱਤਾ ਦਾ ਹੈ। ਇਸ ਹੀਰੇ ਦੀ ਨਿਲਾਮੀ ਕੀਤੀ ਜਾਵੇਗੀ, ਜਿਸ 'ਚ ਇਸ ਦੀ ਕੀਮਤ 10 ਲੱਖ ਰੁਪਏ ਤੱਕ ਜਾ ਸਕਦੀ ਹੈ। ਔਰਤ ਦਾ ਪਤੀ ਕਿਸਾਨ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹੀਰੇ ਦੀ ਨਿਲਾਮੀ ਤੋਂ ਚੰਗੀ ਕੀਮਤ ਮਿਲੇਗੀ ਤਾਂ ਉਹ ਪੰਨਾ ਸ਼ਹਿਰ ਵਿੱਚ ਇੱਕ ਮਕਾਨ ਖਰੀਦਣਗੇ।
ਮੀਡੀਆ ਰਿਪੋਰਟ ਅਨੁਸਾਰ ਪੰਨਾ ਦੇ ਹੀਰਾ ਦਫ਼ਤਰ ਦੇ ਅਧਿਕਾਰੀ ਅਨੁਪਮ ਸਿੰਘ ਨੇ ਦੱਸਿਆ ਕਿ ਚਮੇਲੀ ਬਾਈ ਨੂੰ ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਕ੍ਰਿਸ਼ਨਾ ਕਲਿਆਣਪੁਰ ਪੱਤੀ ਖੇਤਰ ਵਿੱਚ ਠੇਕੇ 'ਤੇ ਦਿੱਤੀ ਗਈ ਇੱਕ ਖਾਨ ਵਿੱਚੋਂ 2.08 ਕੈਰੇਟ ਦਾ ਹੀਰਾ ਮਿਲਿਆ ਸੀ। ਅਧਿਕਾਰੀ ਮੁਤਾਬਕ ਮਹਿਲਾ ਨੇ ਮੰਗਲਵਾਰ ਨੂੰ ਹੀਰਾ ਦਫਤਰ 'ਚ ਇਹ ਕੀਮਤੀ ਪੱਥਰ ਜਮ੍ਹਾ ਕਰਵਾਇਆ। ਹੁਣ ਇਸ ਦੀ ਨਿਲਾਮੀ ਹੋਵੇਗੀ।
ਇਸ ਵਿੱਚ ਦੱਸਿਆ ਗਿਆ ਹੈ ਕਿ ਇਸ ਹੀਰੇ ਨੂੰ ਆਉਣ ਵਾਲੀ ਨਿਲਾਮੀ ਵਿਚ ਵਿਕਰੀ ਲਈ ਰੱਖਿਆ ਜਾਵੇਗਾ ਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਮਤ ਤੈਅ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਰਾਇਲਟੀ ਤੇ ਟੈਕਸ ਕੱਟਣ ਤੋਂ ਬਾਅਦ ਬਾਕੀ ਰਕਮ ਔਰਤ ਨੂੰ ਆਮਦਨ ਵਜੋਂ ਦਿੱਤੀ ਜਾਵੇਗੀ।
ਔਰਤ ਦੇ ਪਤੀ ਅਰਵਿੰਦ ਸਿੰਘ ਅਨੁਸਾਰ ਉਸ ਨੇ ਹੀਰਾ ਖਨਨ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਅਤੇ ਇਸ ਸਾਲ ਮਾਰਚ ਵਿੱਚ ਕ੍ਰਿਸ਼ਨਾ ਕਲਿਆਣਪੁਰ ਪੱਤੀ ਖੇਤਰ ਵਿੱਚ ਇੱਕ ਛੋਟੀ ਜਿਹੀ ਖਾਣ ਲੀਜ਼ ’ਤੇ ਲਈ। ਉਹ ਕਹਿੰਦੇ ਹਨ ਕਿ ਉਹ ਹੀਰੇ ਦੀ ਨਿਲਾਮੀ ਦੇ ਪੈਸੇ ਨਾਲ ਪੰਨਾ ਸ਼ਹਿਰ ਵਿੱਚ ਇੱਕ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ।
ਪੰਨਾ ਜ਼ਿਲ੍ਹੇ ਵਿੱਚ 12 ਲੱਖ ਕੈਰੇਟ ਦੇ ਹੀਰਿਆਂ ਦੇ ਭੰਡਾਰ ਦਾ ਅਨੁਮਾਨ ਹੈ। ਏਸ਼ੀਆ ਦੀ ਇੱਕੋ ਇੱਕ ਸਰਗਰਮ ਹੀਰੇ ਦੀ ਖਾਨ ਮੱਧ ਪ੍ਰਦੇਸ਼ ਵਿੱਚ ਖਜੂਰਾਹੋ ਤੋਂ ਲਗਭਗ 55 ਕਿਲੋਮੀਟਰ ਦੂਰ ਮਜਾਗੋਨ ਵਿੱਚ ਸਥਿਤ ਹੈ। ਇਹ ਪੰਨਾ ਜ਼ਿਲ੍ਹੇ ਦੇ ਅੰਦਰਲੇ ਹਿੱਸੇ ਵਿੱਚ ਸਥਿਤ ਹੈ। ਇਹ ਖਾਨ ਪਹਾੜੀਖੇੜਾ ਉੱਤਰ-ਪੂਰਬ ਤੋਂ ਮਾਝਗਵਾਂ ਦੱਖਣ-ਪੱਛਮ ਤੱਕ ਲਗਪਗ 30 ਕਿਲੋਮੀਟਰ ਦੀ ਚੌੜਾਈ ਦੇ ਨਾਲ 80 ਕਿਲੋਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ।
ਪੰਨਾ ਵਿੱਚ ਕਈਆਂ ਨੂੰ ਹੀਰੇ ਮਿਲੇ ਹਨ। ਇਸੀ ਸਾਲ ਸੁਸ਼ੀਲ ਸ਼ੁਕਲਾ ਨਾਂ ਦੇ ਵਿਅਕਤੀ ਨੂੰ ਇੱਕ ਹੀਰਾ ਮਿਲਿਆ, ਜੋ ਕਿ 26.11 ਕੈਰੇਟ ਦਾ ਸੀ। ਉਹ ਇੱਟਾਂ ਦਾ ਭੱਠਾ ਚਲਾਉਂਦਾ ਸੀ। ਉਸ ਨੂੰ ਇਹ ਹੀਰਾ ਫਰਵਰੀ ਵਿਚ ਮਿਲਿਆ ਸੀ। ਹੀਰੇ ਦਾ ਵਜ਼ਨ 26.11 ਕੈਰੇਟ ਹੈ। ਸੁਸ਼ੀਲ ਨੇ ਸਰਕਾਰ ਤੋਂ ਲੀਜ਼ 'ਤੇ ਜ਼ਮੀਨ ਲਈ ਸੀ। ਪੰਨਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 380 ਕਿਲੋਮੀਟਰ ਦੀ ਦੂਰੀ 'ਤੇ ਹੈ। ਪੰਨਾ ਸ਼ਹਿਰ ਵਿੱਚ ਕੁੱਲ 88 ਹੀਰਿਆਂ ਦੀ ਨਿਲਾਮੀ ਕੀਤੀ ਗਈ। ਇਨ੍ਹਾਂ ਵਿੱਚ ਸੁਸ਼ੀਲ ਸ਼ੁਕਲਾ ਦਾ ਹੀਰਾ ਸਭ ਤੋਂ ਮਹਿੰਗਾ ਸੀ।
ਨਿਲਾਮੀ ਦੇ ਪਹਿਲੇ ਦਿਨ ਕੁੱਲ 1.65 ਕਰੋੜ ਰੁਪਏ ਵਿੱਚ 36 ਹੀਰਿਆਂ ਦੀ ਨਿਲਾਮੀ ਕੀਤੀ ਗਈ। ਦੂਜੇ ਦਿਨ 78.35 ਕੈਰੇਟ ਦੇ 52 ਹੀਰੇ 1.86 ਕਰੋੜ ਰੁਪਏ ਵਿੱਚ ਵਿਕੇ। ਸੁਸ਼ੀਲ ਦੇ ਹੀਰੇ ਦੀ ਕੀਮਤ 1.6 ਕਰੋੜ ਤੋਂ ਵੱਧ ਸੀ। ਦੱਸ ਦੇਈਏ ਕਿ ਸੁਸ਼ੀਲ ਪੰਨਾ ਸ਼ਹਿਰ ਦੇ ਕਿਸ਼ੋਰ ਗੰਜ ਇਲਾਕੇ 'ਚ ਰਹਿੰਦਾ ਹੈ। ਪੰਨਾ 'ਚ ਲੰਬੇ ਸਮੇਂ ਬਾਅਦ 26.11 ਕੈਰੇਟ ਦਾ ਹੀਰਾ ਮਿਲਿਆ ਹੈ। ਇਹ ਇੱਕ ਖੁੱਲੀ ਨਿਲਾਮੀ ਸੀ, ਜਿਸ ਵਿੱਚ ਮੁੰਬਈ, ਸੂਰਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵੱਡੇ ਹੀਰਾ ਵਪਾਰੀ ਪਹੁੰਚੇ।