ਰਤਲਾਮ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਆਮ ਲੋਕਾਂ ਨੂੰ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਸੋਈ ਗੈਸ, ਸਬਜ਼ੀਆਂ ਤੋਂ ਬਾਅਦ ਹੁਣ ਦੁੱਧ ਵੀ ਮਹਿੰਗਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਰਤਲਾਮ ’ਚ ਕੁਝ ਪਿੰਡਾਂ ਦੇ ਦੁੱਧ ਉਤਪਾਦਕਾਂ ਨੇ ਕੀਮਤਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ।


ਬੀਤੇ ਦਿਨੀਂ 25 ਪਿੰਡਾਂ ਦੇ ਦੁੱਧ ਉਤਪਾਦਕ ਕਿਸਾਨਾਂ ਦੀ ਇੱਕ ਮੀਟਿੰਗ ਰਤਲਾਮ ਦੇ ਕਾਲਿਕਾ ਮਾਤਾ ਵਿਖੇ ਹੋਈ। ਉਨ੍ਹਾਂ 1 ਮਾਰਚ ਤੋਂ ਦੁੱਧ ਦੀ ਕੀਮਤ 55 ਰੁਪਏ ਪ੍ਰਤੀ ਲਿਟਰ ਕਰਨ ਦਾ ਫ਼ੈਸਲਾ ਲਿਆ ਹੈ।


ਭਾਰਤ ’ਚ ਤੇਲ ਕੀਮਤਾਂ ਵਧਣ ਕਾਰਣ ਦੁੱਧ ਉਤਪਾਦਕਾਂ ਨੇ ਇਹ ਫ਼ੈਸਲਾ ਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਆਵਾਜਾਈ ਮਹਿੰਗੀ ਹੋ ਗਈ ਹੈ। ਪਸ਼ੂ ਖ਼ੁਰਾਕ ਵੀ ਮਹਿੰਗੀ ਹੈ ਅਤੇ ਜੇ ਦੁੱਧ ਦੀ ਕੀਮਤ ਨਾ ਵਧਾਈ ਗਈ, ਤਾਂ ਦੁੱਧ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ।


ਰਤਲਾਮ ਦੁੱਧ ਉਤਪਾਦਕ ਸੰਘ ਦੇ ਪ੍ਰਧਾਨ ਹੀਰਾਲਾਲ ਚੌਧਰੀ ਨੇ ਦੱਸਿਆ ਕਿ ਇੱਕ ਮੱਝ ਦੀ ਕੀਮਤ ਇੱਕ ਤੋਂ ਡੇਢ ਲੱਖ ਰੁਏ ਤੱਕ ਹੈ। ਦੁੱਧ ਉਤਪਾਦਕ ਇਸ ਵੇਲੇ 43 ਰੁਪਏ ਪ੍ਰਤੀ ਲਿਟਰ ਦੁੱਧ ਵੇਚਦੇ ਹਨ ਪਰ 1 ਮਾਰਚ ਤੋਂ ਇਹ ਦੁੱਧ 55 ਰੁਪਏ ਪ੍ਰਤੀ ਲਿਟਰ ਵੇਚਿਆ ਜਾਵੇਗਾ।


ਮੂੰਦੜੀ ਪਿੰਡ ਦੇ ਇੱਕ ਕਿਸਾਨ ਨੇ ਦੱਸਿਆ ਕਿ ਇੱਕ ਮੱਝ ਪਾਲਣ ਉੱਤੇ ਹਰ ਮਹੀਨੇ 12 ਹਜ਼ਾਰ ਰੁਪਏ ਭਾਵ 400 ਰੁਪਏ ਰੋਜ਼ਾਨਾ ਦਾ ਖ਼ਰਚਾ ਹੁੰਦਾ ਹੈ। ਮਹਿੰਗਾਈ ਕਾਰਣ ਹੁਣ ਕਈ ਕਿਸਾਨਾਂ ਨੂੰ ਮਜਬੂਰੀ ਵੱਸ ਆਪਣੀਆਂ ਮੱਝਾਂ ਵੇਚਣੀਆਂ ਪੈ ਰਹੀਆਂ ਹਨ।