ਚੰਡੀਗੜ੍ਹ: ਸਾਰੇ ਦੇਸ਼ ਵਿਚੋਂ 60 ਕਿਸਾਨ ਜਥੇਬੰਦੀਆਂ ਦੇ ਰਾਸ਼ਟਰੀ ਕਿਸਾਨ ਮਹਾਂਸੰਘ ਦੀ ਦੋ ਦਿਨਾਂ ਕਾਨਫ਼ਰੰਸ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਸ਼ਿਵ ਕੁਮਾਰ ਸ਼ਰਮਾ ਨੇ ਦਸਿਆ ਕਿ ਲੋਕ ਸਭਾ ਚੋਣਾਂ ਵੇਲੇ ਭਾਜਪਾ ਨੇ ਚੋਣ ਮੈਨੀਫ਼ੈਸਟੋ ਵਿਚ ਕੀਤੇ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਅਤੇ ਕਿਸਾਨਾਂ ਵਿਚ ਇਹ ਸੁਨੇਹਾ ਗਿਆ ਹੈ ਕਿ ਮੋਦੀ ਸਰਕਾਰ, ਕਿਸਾਨ ਵਿਰੋਧੀ ਹੈ। ਅਗਲੇ ਪੰਜ ਸਾਲਾਂ ਵਿਚ ਕਿਸਾਨਾਂ ਦੀ ਆਮਦਨੀ ਨੂੰ ਦੁਗਣੀ ਕਰਨ ਦੇ ਐਲਾਨ ਨੂੰ ਮੋਦੀ ਸਰਕਾਰ ਦਾ ਬਹਿਕਾਵਾ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦਾ ਧੇਲਾ ਕਰਜ਼ਾ ਮੁਆਫ਼ ਨਹੀਂ ਕੀਤਾ ਜਦਕਿ ਵੱਡੀਆਂ ਛੋਟੀਆਂ ਸੈਕੜੇ ਕੰਪਨੀਆਂ ਦਾ 265000 ਕਰੋੜ ਦਾ ਟੈਕਸ ਸਮੇਤ ਮੂਲ ਵੀ ਮੁਆਫ਼ ਕਰ ਦਿਤਾ।
ਸ਼ਿਵ ਕੁਮਾਰ ਨੇ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਦੀ ਸਾਰ ਨਾ ਤਾਂ ਕਾਂਗਰਸ ਸਰਕਾਰਾਂ ਨੇ ਲਈ ਅਤੇ ਨਾ ਹੀ ਹੁਣ ਭਾਜਪਾ ਸਰਕਾਰ ਹੀ ਕੁੱਝ ਕਰ ਰਹੀ ਹੈ। ਕਰਜ਼ੇ ਵਿਚ ਡੁੱਬਾ ਕਿਸਾਨ ਆਤਮ-ਹਤਿਆ ਦੇ ਰਾਹ ਤੁਰ ਪਿਆ ਹੈ।
ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪੰਜਾਬ 170 ਲੱਖ ਟਨ ਝੋਨਾ ਪੈਦਾ ਕਰਦਾ ਹੈ, ਲਾਗਤ ਮੁੱਲ ਨਾਲੋਂ ਘੱਟ ਸਮਰਥਨ ਮੁੱਲ ਮਿਲਦਾ ਹੈ ਜਾਂ ਤਾਂ ਸਰਕਾਰ ਪਰਾਲੀ ਨੂੰ ਖ਼ੁਦ ਸਾਂਭਣ ਦਾ ਯਤਨ ਕਰੇ ਜਾਂ ਕਿਸਾਨ ਨੂੰ ਕੀਮਤ ਦੇਵੇ। ਕਿਸਾਨਾਂ ਵਿਰੁਧ ਦਰਜ ਕੇਸਾਂ ਦੇ ਰੋਸ ਵਜੋਂ 28 ਸਤੰਬਰ ਨੂੰ ਮੋਹਾਲੀ ਦੇ ਅੰਬ ਸਾਹਿਬ ਗੁਰਦਵਾਰੇ ਤੋਂ ਕਿਸਾਨ ਮਾਰਚ ਸ਼ੁਰੂ ਕਰ ਕੇ ਪੰਜਾਬ ਵਿਧਾਨ ਸਭਾ ਨੂੰ ਘੇਰਿਆ ਜਾਵੇਗਾ। ਵਫ਼ਦ ਦੇ ਮੈਂਬਰਾਂ ਅਤੇ ਬੀਕੇਯੂ ਪੰਜਾਬ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਤੇ ਸਕੱਤਰ ਜਨਰਲ ਗੁਰਮੀਤ ਸਿੰਘ ਗੋਲੇਵਾਲਾ ਨੇ ਕਿਹਾ ਕਿ ਪਰਾਲੀ ਸਾੜਨਾ ਕਿਸਾਨ ਦੀ ਮਜਬੂਰੀ ਹੈ ਕਿਉਂਕਿ ਉਸ ਨੇ ਖੇਤ ਨੂੰ ਅਗਲੀ ਫ਼ਸਲ ਲਈ ਤਿਆਰ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਗੱਡੀਆਂ ਦੇ ਧੂੰਏ ਤੋਂ ਪ੍ਰਦੂਸ਼ਣ ਵਧ ਫੈਲਦਾ ਹੈ।
ਕਾਨਫ਼ਰੰਸ ਮਗਰੋਂ ਕਿਸਾਨ ਮਹਾਂਸੰਘ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਨੇ ਕਿਸਾਨ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ 23 ਫ਼ਰਵਰੀ ਨੂੰ ਦਿੱਲੀ ਦਾ ਘਿਰਾਉ ਕੀਤਾ ਜਾਵੇਗਾ ਅਤੇ ਇਸ ਦੀ ਤਿਆਰੀ ਲਈ 24 ਨਵੰਬਰ ਨੂੰ ਕੁਰੂਕਸ਼ੇਤਰ, ਹਰਿਆਣਾ ਤੋਂ ਕਿਸਾਨ ਜਾਗ੍ਰਿਤੀ ਮੁਹਿੰਮ ਚਲਾਈ ਜਾਵੇਗੀ। ਉਸ ਦਿਨ ਕਿਸਾਨਾਂ ਦੇ ਮਸੀਹਾ ਸਰ ਛੋਟੂ ਰਾਮ ਦਾ ਜਨਮ ਦਿਵਸ ਹੈ।