ਪੰਜਾਬ 'ਚ ਇੱਥੇ ਨਹੀਂ ਲੱਗਦੀ ਪਰਾਲੀ ਨੂੰ ਅੱਗ
ਏਬੀਪੀ ਸਾਂਝਾ | 14 Nov 2017 09:20 AM (IST)
ਮੰਡੀ ਘੁਬਾਇਆ : ਜਿੱਥੇ ਇਕ ਪਾਸੇ ਪੂਰੇ ਸੂਬੇ ਦੇ ਕਿਸਾਨ ਪਰਾਲੀ ਸਾੜ ਕੇ ਧੜਾ ਧੜ ਪ੍ਰਦੂਸ਼ਣ ਫੈਲਾ ਰਹੇ ਹਨ ਤੇ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਉੱਥੇ ਦੂਜੇ ਪਾਸੇ ਪਰਾਲੀ ਨੂੰ ਬਚਾਉਣ ਲਈ ਪਿੰਡ ਮੁਰਕ ਵਾਲਾ ਦਾ ਕਿਸਾਨ ਅੰਗਰੇਜ਼ ਸਿੰਘ ਮਜ਼ਦੂਰ ਲਗਾ ਕੇ ਹੱਥਾਂ ਨਾਲ ਝੋਨੇ ਦੀ ਕਟਾਈ ਕਰਵਾ ਰਿਹਾ ਹੈ ਝਾੜ ਰਿਹਾ ਹੈ ਤਾਂ ਕਿ ਪਰਾਲੀ ਸਾੜਨ ਦੀ ਬਜਾਏ ਪਸ਼ੂਆਂ ਦੇ ਚਾਰੇ ਲਈ ਸੰਭਾਲ ਕੇ ਰੱਖਿਆ ਜਾ ਸਕੇ। ਅੰਗਰੇਜ਼ ਸਿੰਘ ਨੇ ਦੱਸਿਆ ਕਿ ਪਸ਼ੂਆਂ ਲਈ ਹਰੇ ਚਾਰੇ 'ਚ ਪਰਾਲੀ ਨੂੰ ਰਲਾ ਕੇ ਖੁਆਇਆ ਜਾਂਦਾ ਹੈ ਤੇ ਪਰਾਲੀ ਤੂੜੀ ਦੀ ਥਾਂ ਵਰਤੀ ਜਾਂਦੀ ਹੈ। ਸਰਦੀ ਦੇ ਮੌਸਮ 'ਚ ਤੇ ਲਗਾਤਾਰ ਬਰਸਾਤ ਹੋਣ ਕਾਰਨ ਕਈ ਵਾਰ ਹਰੇ ਚਾਰੇ ਦੀ ਕਿੱਲਤ ਆ ਜਾਂਦੀ ਹੈ ਤਾਂ ਪਸ਼ੂਆਂ ਨੂੰ ਪਰਾਲੀ ਖੁਆ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ। ਹੱਥਾਂ ਨਾਲ ਛੱਟਿਆ ਝੋਨਾ ਇਕ ਤਾਂ ਪੂਰੀ ਤਰ੍ਹਾਂ ਸੁੱਕਾ ਹੁੰਦਾ ਹੈ ਤੇ ਇਸ ਦਾ ਸ਼ੈਲਰ ਮਾਲਕ ਵੱਧ ਰੇਟ ਦਿੰਦਾ ਹੈ। ਹੱਥਾਂ ਨਾਲ ਝੋਨੇ ਦੀ ਕਟਾਈ ਤੇ ਝਾੜਨ 'ਤੇ ਲਾਗਤ ਪ੍ਰਤੀ ਏਕੜ 7000 ਰੁਪਏ ਖ਼ਰਚ ਆਉਂਦਾ ਹੈ ਜਦਕਿ ਕੰਬਾਇਨ ਨਾਲ ਝੋਨੇ ਦੇ ਇਕ ਏਕੜ ਦੀ ਕਟਾਈ ਕਰੀਬ 2000 ਰੁਪਏ ਹੈ। ਹੱਥਾਂ ਨਾਲ ਖਰਚਾ ਤਾਂ ਵੱਧ ਹੁੰਦਾ ਹੈ ਪਰ ਖੇਤ 'ਚ ਪਰਾਲੀ ਨਹੀਂ ਬਚਦੀ। ਪਰਾਲੀ ਨਾ ਬਚਣ ਕਾਰਨ ਖੇਤ ਨੂੰ ਅੱਗ ਨਹੀ ਲਾਉਂਣੀ ਪੈਂਦੀ। ਹੱਥਾਂ ਨਾਲ ਵੱਢੀ ਫ਼ਸਲ ਦਾ ਨੁਕਸਾਨ ਵੀ ਨਹੀਂ ਹੁੰਦਾ। ਦੂਜੇ ਪਾਸੇ ਕੰਬਾਇਨ ਨਾਲ ਵੱਢੇ ਝੋਨੇ ਨਾਲ ਪਰਾਲੀ ਬਚ ਜਾਂਦੀ ਹੈ ਜੋ ਰੀਪਰ ਨਾਲ ਵੱਢਣੀ ਪੈਂਦੀ ਹੈ ਤੇ ਵਰਤੋਂ 'ਚ ਨਹੀਂ ਵੀ ਆਉਂਦੀ। ਹੱਥਾਂ ਨਾਲ ਵੱਢੀ ਪਰਾਲੀ ਨੂੰ ਗੱਤਾ ਬਣਉਣ ਵਾਲੀਆਂ ਫੈਕਟਰੀਆਂ ਵੀ ਆਸਾਨੀ ਨਾਲ ਖ਼ਰੀਦ ਲੈਂਦੀਆਂ ਹਨ।