AI Robots in Agriculture: ਜਲਦ ਹੀ ਖੇਤੀਬਾੜੀ ਦਾ ਕਾਇਆ ਕਲਪ ਹੋਣ ਜਾ ਰਿਹਾ ਹੈ। ਖੇਤੀ ਖੇਤਰ ਵਿੱਚ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਐਂਟਰੀ ਹੋਣ ਜਾ ਰਹੀ ਹੈ। ਇਸ ਨਾਲ ਸਭ ਤੋਂ ਵੱਡਾ ਝਟਕਾ ਮਜ਼ਦੂਰਾਂ ਨੂੰ ਲੱਗੇਗਾ। ਏਆਈ ਦੇ ਆਉਣ ਨਾਲ ਲੇਬਰ ਦੀ ਲੋੜ ਨਹੀਂ ਰਹੇਗੀ। ਆਟੋਮੈਟਿਕ ਸੰਦ ਆਪਣੇ ਆਪ ਕੰਮ ਕਰਨਗੇ। ਵਿਦੇਸ਼ਾਂ ਅੰਦਰ ਖੇਤੀ ਦਾ ਏਆਈ ਮਾਡਲ ਸ਼ੁਰੂ ਹੋ ਗਿਆ ਹੈ। 

ਦਰਅਸਲ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਖੇਤੀ ਲਈ ਮਜ਼ਦੂਰਾਂ ਦੀ ਭਾਰੀ ਘਾਟ ਤੇ ਨਦੀਨਨਾਸ਼ਕਾਂ ਪ੍ਰਤੀ ਵਧ ਰਹੇ ਵਿਰੋਧ ਕਾਰਨ Aigen ਨਾਮਕ ਇੱਕ ਸਟਾਰਟਅੱਪ ਕੰਪਨੀ ਨੇ "Element" ਨਾਮਕ ਇੱਕ ਰੋਬੋਟ ਵਿਕਸਤ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਤਕਨਾਲੋਜੀ ਕਿਸਾਨਾਂ ਦੇ ਪੈਸੇ ਬਚਾਏਗੀ, ਵਾਤਾਵਰਣ ਦੀ ਰੱਖਿਆ ਕਰੇਗੀ ਤੇ ਭੋਜਨ ਨੂੰ ਨੁਕਸਾਨਦੇਹ ਰਸਾਇਣਾਂ ਤੋਂ ਮੁਕਤ ਰੱਖੇਗੀ। ਮੰਨਣਾ ਹੈ ਕਿ ਭਵਿੱਖ ਵਿੱਚ ਏਆਈ ਨਾਲ ਲੈਸ ਹੋਰ ਵੀ ਮਸ਼ੀਨਰੀ ਤੇ ਤਕਨਾਲੌਜੀ ਖੇਤੀ ਨੂੰ ਆਸਾਨ ਕਰ ਦੇਵੇਗੀ।

Aigen ਦੇ ਸਹਿ-ਸੰਸਥਾਪਕ ਤੇ ਮੁੱਖ ਤਕਨਾਲੋਜੀ ਅਧਿਕਾਰੀ ਰਿਚਰਡ ਵੁਰਡੇਨ ਨੇ AFP ਨੂੰ ਦੱਸਿਆ, "ਮੈਨੂੰ ਸੱਚਮੁੱਚ ਲੱਗਦਾ ਹੈ ਕਿ ਇਹ ਮਨੁੱਖੀ ਸਿਹਤ ਨੂੰ ਬਿਹਤਰ ਬਣਾਉਣ ਲਈ ਸਭ ਤੋਂ ਵੱਡਾ ਕਦਮ ਹੈ। ਹਰ ਕੋਈ ਉਹ ਭੋਜਨ ਖਾ ਰਿਹਾ ਹੈ ਜਿਸ ਉਪਰ ਰਸਾਇਣ ਛਿੜਕੇ ਗਏ ਹਨ।"  Element ਰੋਬੋਟ ਬਗੈਰ ਰਸਾਇਣਾਂ ਦੇ ਹੀ ਨਦੀਨ ਹਟਾ ਰਿਹਾ ਹੈ। ਉਹ ਇਕੱਲਾ ਹੀ ਕਈ ਮਜ਼ਦੂਰਾਂ ਦਾ ਕੰਮ ਕਰ ਰਿਹਾ ਹੈ।

ਟੇਸਲਾ ਵਿੱਚ ਪੰਜ ਸਾਲਾਂ ਤੋਂ ਕੰਮ ਕਰ ਰਹੇ ਮਕੈਨੀਕਲ ਇੰਜਨੀਅਰ ਵੁਰਡਨ ਨੇ ਕਿਹਾ ਕਿ ਉਸ ਨੇ ਰੋਬੋਟ ਬਣਾਉਣਾ ਉਦੋਂ ਸ਼ੁਰੂ ਕੀਤਾ ਜਦੋਂ ਮਿਨੀਸੋਟਾ ਵਿੱਚ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਦੱਸਿਆ ਕਿ ਨਦੀਨਾਂ ਨੂੰ ਹਟਾਉਣਾ ਇੱਕ ਮਹਿੰਗੀ ਸਿਰ ਦਰਦੀ ਬਣ ਗਿਆ ਹੈ। ਨਦੀਨ ਹੁਣ ਰਸਾਇਣਾਂ ਪ੍ਰਤੀ ਰੋਧਕ ਹੋ ਗਏ ਹਨ ਤੇ ਕਾਮਿਆਂ ਦੀ ਘਾਟ ਕਾਰਨ ਕਿਸਾਨ ਇਨ੍ਹਾਂ ਰਸਾਇਣਾਂ ਦਾ ਸਹਾਰਾ ਲੈਣ ਲਈ ਮਜਬੂਰ ਹਨ।

ਏਜੇਨ ਦੇ ਸਹਿ-ਸੰਸਥਾਪਕ ਤੇ ਸੀਈਓ ਕੇਨੀ ਲੀ ਨੇ ਕਿਹਾ, "ਕਿਸੇ ਵੀ ਕਿਸਾਨ ਨੇ ਕਦੇ ਨਹੀਂ ਕਿਹਾ ਕਿ ਉਸ ਨੂੰ ਰਸਾਇਣ ਪਸੰਦ ਹਨ। ਉਹ ਇਨ੍ਹਾਂ ਨੂੰ ਸਿਰਫ਼ ਮਜਬੂਰੀ ਵਜੋਂ ਵਰਤਦੇ ਹਨ ਤੇ ਅਸੀਂ ਇਸ ਦਾ ਵਿਕਲਪ ਬਣਾ ਰਹੇ ਹਾਂ।" 'ਐਲੀਮੈਂਟ' ਰੋਬੋਟ ਮਨੁੱਖਾਂ ਵਾਂਗ ਕੰਮ ਕਰਦਾ ਹੈ। ਇਹ ਰੋਬੋਟ ਇੱਕ ਵੱਡੀ ਮੇਜ਼ ਵਰਗਾ ਦਿਖਾਈ ਦਿੰਦਾ ਹੈ ਜਿਸ ਦੇ ਉੱਪਰ ਸੋਲਰ ਪੈਨਲ ਹੁੰਦੇ ਹਨ। ਇਸ ਦੇ ਧਾਤ ਦੇ ਬਾਹਾਂ ਨਾਲ ਜੁੜੇ ਛੋਟੇ ਬਲੇਡ ਫਸਲਾਂ ਦੇ ਵਿਚਕਾਰ ਮਿੱਟੀ ਨੂੰ ਵਾਹਦੇ ਹਨ ਤੇ ਨਦੀਨਾਂ ਨੂੰ ਹਟਾਉਂਦੇ ਹਨ।

ਦਰਅਸਲ ਇਹ ਰੋਬੋਟ ਬਿਲਕੁਲ ਮਨੁੱਖ ਵਾਂਗ ਕੰਮ ਕਰਦਾ ਹੈ। ਜਦੋਂ ਸੂਰਜ ਡੁੱਬਦਾ ਹੈ, ਤਾਂ ਇਹ ਆਪਣੇ ਆਪ ਬੰਦ ਹੋ ਜਾਂਦਾ ਹੈ ਤੇ ਸਵੇਰੇ ਦੁਬਾਰਾ ਸ਼ੁਰੂ ਹੋ ਜਾਂਦਾ ਹੈ। ਰੋਬੋਟ ਦਾ ਏਆਈ ਸਿਸਟਮ ਕੈਮਰਿਆਂ ਤੋਂ ਡੇਟਾ ਲੈਂਦਾ ਹੈ ਜੋ ਇਸ ਨੂੰ ਫਸਲਾਂ ਦੀਆਂ ਕਤਾਰਾਂ ਦੀ ਪਾਲਣਾ ਕਰਨ ਤੇ ਨਦੀਨਾਂ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ। ਰੋਬੋਟ ਵਾਇਰਲੈੱਸ ਤੌਰ 'ਤੇ ਇੱਕ ਛੋਟੇ ਕੰਟਰੋਲ ਸੈਂਟਰ ਨਾਲ ਜੁੜੇ ਹੋਏ ਹਨ ਤੇ ਕਿਸੇ ਵੀ ਗੜਬੜ ਬਾਰੇ ਜਾਣਕਾਰੀ ਭੇਜਦੇ ਹਨ।

ਏਜੇਨ ਦੇ ਰੋਬੋਟ ਇਸ ਸਮੇਂ ਟਮਾਟਰ, ਕਪਾਹ ਤੇ ਸ਼ੂਗਰ ਬੀਟ ਦੇ ਖੇਤਾਂ ਵਿੱਚ ਵਰਤੇ ਜਾ ਰਹੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਰੋਬੋਟ ਫਸਲ ਨੂੰ ਨੁਕਸਾਨ ਪਹੁੰਚਾਏ ਬਿਨਾਂ ਨਦੀਨਾਂ ਨੂੰ ਹਟਾਉਂਦੇ ਹਨ। ਲੀ ਅਨੁਸਾਰ ਲਗਪਗ 5 ਰੋਬੋਟ 160 ਏਕੜ (65 ਹੈਕਟੇਅਰ) ਜ਼ਮੀਨ ਨੂੰ ਸਾਫ਼ ਕਰਨ ਲਈ ਕਾਫ਼ੀ ਹਨ। ਕੰਪਨੀ, ਜਿਸ ਦੀ 25 ਲੋਕਾਂ ਦੀ ਟੀਮ ਹੈ, ਵਾਸ਼ਿੰਗਟਨ ਰਾਜ ਦੇ ਰੈੱਡਮੰਡ ਵਿੱਚ ਸਥਿਤ ਹੈ। ਉਨ੍ਹਾਂ ਦੇ ਇੱਕ ਰੋਬੋਟ ਦੀ ਕੀਮਤ $50,000 (ਲਗਪਗ ₹42 ਲੱਖ) ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।