ਪਟਿਆਲਾ : ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਬਿਜਲੀ ਬੋਰਡ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਹੋਰ ਚੀਫ਼ ਇੰਜੀਨੀਅਰਾਂ ਨਾਲ ਹੋਈ ਹੈ। ਜਿਸ ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ 18 ਜੂਨ ਤੋਂ ਝੋਨਾ ਲਾਉਣ ਲਈ ਬਿਜਲੀ ਦੇ ਜਾਰੀ ਕੀਤੇ ਜ਼ੋਨਲ ਸ਼ਡਿਊਲ ਨੂੰ ਰੱਦ ਕਰ ਦਿੱਤਾ। ਕਿਸਾਨ ਜਥੇਬੰਦੀਆਂ ਨੇ 10 ਜੂਨ ਤੋਂ ਝੋਨਾ ਲਾਉਣ ਦਾ ਐਲਾਨ ਕਰਦੇ ਹੋਏ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਇਹ ਸ਼ਡਿਊਲ ਰੱਦ ਨਾ ਕੀਤਾ ਤਾਂ 20 ਮਈ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਮੀਟਿੰਗ ਕਰ ਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। 



 

ਅੱਜ ਦੀ ਮੀਟਿੰਗ ਵਿੱਚ ਸਤਨਾਮ ਸਿੰਘ ਬਹਿਰੂ, ਹਰਮੀਤ ਸਿੰਘ ਕਾਦੀਆਂ, ਨਿਰਭੈ ਸਿੰਘ ਢੁੱਡੀਕੇ, ਬੂਟਾ ਸਿੰਘ ਬੁਰਜਗਿੱਲ,ਸਤਨਾਮ ਸਿੰਘ ਸਾਹਨੀ, ਬਲਦੇਵ ਸਿੰਘ ਨਿਹਾਲਗੜ੍ਹ , ਰੁਲਦੂ ਸਿੰਘ ਮਾਨਸਾ, ਬਲਵਿੰਦਰ ਸਿੰਘ ਮੱਲ੍ਹੀਨੰਗਲ, ਕੁਲਦੀਪ ਸਿੰਘ ਵਜੀਦਪੁਰ , ਕਿਰਨਜੀਤ ਸਿੰਘ ਸੇਖੋਂ, ਬੂਟਾ ਸਿੰਘ ਸ਼ਾਦੀਪੁਰ ਡਾਕਟਰ ਸਤਨਾਮ ਅਜਨਾਲਾ ਅਤੇ ਫੁਰਮਾਨ ਸਿੰਘ ਸੰਧੂ ਆਦਿ ਕਿਸਾਨ ਆਗੂ ਸ਼ਾਮਲ ਸਨ।

 

 ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਕਿਸਾਨਾਂ ਦੀਆਂ ਬਿਜਲੀ ਮਹਿਕਮੇ ਨਾਲ ਸਬੰਧਿਤ ਕਈ ਮੰਗਾਂ 'ਤੇ ਹਾਂ ਪੱਖੀ ਚਰਚਾ ਕੀਤੀ ਗਈ। ਜਿਸ ਵਿਚ ਹਰ ਕਿਸਮ ਦੇ ਓਵਰਲੋਡ ਸਿਸਟਮ ਨੂੰ ਅੰਡਰਲੋਡ ਕਰਨ ਬਾਰੇ ਚੇਅਰਮੈਨ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ। ਲੋਡ ਫੀਸਦੀ 4700 ਰੁਪਏ ਪ੍ਰਤੀ ਹਾਰਸ ਪਾਵਰ ਤੋਂ ਘੱਟ ਕਰ ਕੇ 1200 ਰੁਪਏ ਕਰਨ ਉਪਰ ਵੀ ਚੇਅਰਮੈਨ ਸਾਹਿਬ ਨੇ ਕਿਹਾ ਕਿ ਸੱਚਮੁੱਚ ਹੀ 4700 ਰੁਪਏ ਰੇਟ ਜ਼ਿਆਦਾ ਹੈ ,ਉਹ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਰੇਟ ਘੱਟ ਕਰਨ ਦੀ ਅਪੀਲ ਕਰਨਗੇ।


ਕਿਸਾਨ ਆਗੂ ਨੇ ਦੱਸਿਆ ਕਿ ਚੇਅਰਮੈਨ ਨੇ ਝੋਨੇ ਦੇ ਸੀਜ਼ਨ ਲਈ ਜਾਰੀ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਬਿਜਲੀ ਬੋਰਡ ਨੂੰ ਭਰੋਸੇ ਵਿੱਚ ਨਹੀ ਲਿਆ ਗਿਆ। ਉਨ੍ਹਾਂ ਕਿਹਾ ਕਿ 16 ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਇਸ ਸ਼ਡਿਊਲ ਬਾਰੇ ਮੁੜ ਵਿਚਾਰਨ ਦੀ ਅਪੀਲ ਕਰਦੇ ਹੋਏ ਚੇਤਾਵਨੀ ਦਿਤੀ ਕਿ ਜੇਕਰ ਸਰਕਾਰ ਨੇ ਇਸ ਬਾਰੇ ਮੁੜ ਵਿਚਾਰ ਨਾ ਕੀਤੀ ਤਾਂ ਕਿਸਾਨ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਜਗਮੋਹਣ ਸਿੰਘ ਉੱਪਲ, ਜਤਿੰਦਰ ਸਿੰਘ ਛੀਨਾ, ਦਵਿੰਦਰ ਸਿੰਘ, ਵੀਰਪਾਲ ਸਿੰਘ ਢਿੱਲੋਂ ਅਤੇ ਗੁਰਨਾਮ ਸਿੰਘ ਭੀਖੀ ਸਮੇਤ ਕਈ ਕਿਸਾਨ ਆਗੂ ਵੀ ਹਾਜ਼ਰ ਸਨ।