ਚੰਡੀਗੜ੍ਹ: ਪੰਜਾਬ ਵਿੱਚ ਅੱਜ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ। ਸਰਕਾਰੀ ਤੌਰ 'ਤੇ ਅੱਜ ਮਾਝੇ ਤੇ ਦੁਆਬੇ ਦੇ ਜ਼ਿਲ੍ਹਿਆਂ ’ਚ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ ਜਦੋਂਕਿ ਮਾਲਵਾ ਵਿੱਚ 17 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਏਗੀ। ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਐਤਕੀਂ ਪੜਾਅਵਾਰ ਝੋਨਾ ਲੁਆਈ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ, ਪਾਵਰਕੌਮ ਨੂੰ ਝੋਨੇ ਦੇ ਸੀਜ਼ਨ ਦੌਰਾਨ ਅੱਠ ਘੰਟੇ ਬਿਜਲੀ ਸਪਲਾਈ ਦੇਣ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।

ਦੱਸ ਦਈਏ ਕਿ 14 ਜੂਨ ਤੋਂ ਪਹਿਲੀ ਵਾਰ ਜ਼ੋਨ ਵਾਈਜ਼ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਰਿਹਾ ਹੈ। ਮਾਝੇ ਤੇ ਦੁਆਬੇ ਦੇ ਜ਼ਿਲ੍ਹਿਆਂ ’ਚ ਭਲਕੇ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ ਜਦਕਿ 17 ਜੂਨ ਤੋਂ ਮਾਲਵਾ ਖਿੱਤੇ ਦੀ ਵਾਰੀ ਆਵੇਗੀ। ਬਿਜਲੀ ਤੇ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਸਰਕਾਰ ਨੇ ਜ਼ੋਨ ਵਾਈਜ਼ ਝੋਨੇ ਦੀ ਲੁਆਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।

ਕੌਮਾਂਤਰੀ ਸਰਹੱਦ ਲਾਗੇ ਕੰਡਿਆਲੀ ਤਾਰ ਤੋਂ ਪਾਰ 10 ਜੂਨ ਤੋਂ ਝੋਨੇ ਦੀ ਲੁਆਈ ਚੱਲ ਰਹੀ ਹੈ। ਮਾਲਵਾ ਖਿੱਤਾ ਇਸ ਵੇਲੇ ਨਹਿਰੀ ਪਾਣੀ ਦਾ ਸੰਕਟ ਝੱਲ ਰਿਹਾ ਹੈ ਤੇ ਸਰਕਾਰ ਲਈ ਅੱਠ ਘੰਟੇ ਬਿਜਲੀ ਸਪਲਾਈ ਦੇਣਾ ਵੀ ਪ੍ਰੀਖਿਆ ਵਾਂਗ ਹੋਵੇਗਾ। ਭਲਕੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ, ਜਲੰਧਰ, ਐਸਬੀਐਸ ਨਗਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ ਤੇ ਐਸਏਐਸ ਨਗਰ ’ਚ ਲੁਆਈ ਸ਼ੁਰੂ ਹੋ ਜਾਵੇਗੀ।

ਸੂਬੇ ’ਚ ਇਸ ਵਾਰ 29.30 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਂਦ ਦਾ ਟੀਚਾ ਮਿਥਿਆ ਗਿਆ ਹੈ ਜੋ ਪਿਛਲੇ ਵਰ੍ਹੇ 30.40 ਲੱਖ ਹੈਕਟੇਅਰ ਸੀ। ਐਤਕੀਂ 5.50 ਲੱਖ ਹੈਕਟੇਅਰ ਰਕਬੇ ’ਚ ਬਾਸਮਤੀ ਦੀ ਕਾਸ਼ਤ ਦਾ ਟੀਚਾ ਹੈ। ਸੇਮ ਵਾਲੇ ਖੇਤਰ ਦੇ ਕਰੀਬ 97 ਪਿੰਡਾਂ ਨੂੰ ਝੋਨੇ ਦੀ ਅਗੇਤੀ ਲੁਆਈ ਲਈ ਛੋਟ ਵੀ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਕੁਝ ਪਿੰਡਾਂ ’ਚ ਕਿਸਾਨ ਧਿਰਾਂ ਦੀ ਅਗਵਾਈ ਵਿਚ ਨਿਸਚਿਤ ਤਰੀਕ ਤੋਂ ਪਹਿਲਾਂ ਝੋਨੇ ਦੀ ਲੁਆਈ ਕਰਕੇ ਸਰਕਾਰ ਦੇ ਹੁਕਮਾਂ ਨੂੰ ਚੁਣੌਤੀ ਵੀ ਦਿੱਤੀ ਗਈ ਹੈ।

ਪਾਵਰਕੌਮ ਵੱਲੋਂ 15,000 ਮੈਗਾਵਾਟ ਦੀ ਸੰਭਾਵੀ ਕੁੱਲ ਮੰਗ ਨੂੰ  ਪੂਰਾ ਕਰਨ ਲਈ ਵਿਸਥਾਰਤ ਪ੍ਰਬੰਧ ਕੀਤੇ ਗਏ ਹਨ। ਟਰਾਂਸਮਿਸ਼ਨ ਸਮਰੱਥਾ ਨੂੰ  ਪਿਛਲੇ ਸੀਜ਼ਨ ਦੇ 7100 ਦੇ ਮੁਕਾਬਲੇ 8500 ਮੈਗਾਵਾਟ ਤੱਕ ਵਧਾ ਦਿੱਤਾ ਗਿਆ ਹੈ ਤੇ 6500 ਮੈਗਾਵਾਟ ਬਾਕੀ ਬਿਜਲੀ ਦਾ ਪ੍ਰਬੰਧ ਸੂਬੇ ਅੰਦਰਲੇ ਆਪਣੇ ਸਰੋਤਾਂ ਤੋਂ ਕੀਤਾ ਜਾ ਰਿਹਾ ਹੈ। ਜ਼ੋਨ ਵਾਈਜ਼ ਲੁਆਈ ਦੇ ਤਹਿਤ ਅਗਲੇ ਪੜਾਅ ਤਹਿਤ 17 ਜੂਨ ਤੋਂ ਬਠਿੰਡਾ, ਬਰਨਾਲਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ, ਮਾਲੇਰਕੋਟਲਾ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ, ਮਾਨਸਾ, ਮੋਗਾ ਤੇ ਫ਼ਾਜ਼ਿਲਕਾ ਜ਼ਿਲ੍ਹੇ ’ਚ ਲੁਆਈ ਸ਼ੁਰੂ ਹੋਵੇਗੀ|