New Rice Veriety: ਝੋਨਾ ਲਾਉਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ ਹੈ। ਵਿਗਿਆਨੀਆਂ ਨੇ ਅਜਿਹਾ ਕਮਾਲ ਕੀਤਾ ਹੈ ਕਿ ਕਿਸਾਨ ਮਾਲੋਮਾਲ ਹੋ ਸਕਦੇ ਹਨ। ਜੀ ਹਾਂ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਨੇ DRR ਪੈਡੀ 100 (ਕਮਲਾ) ਤੇ ਪੂਸਾ DST ਰਾਈਸ 1 ਨਾਮਕ ਦੋ ਨਵੀਆਂ ਜੀਨੋਮ-ਸੰਪਾਦਿਤ ਚੌਲਾਂ ਦੀਆਂ ਕਿਸਮਾਂ ਵਿਕਸਤ ਕੀਤੀਆਂ ਹਨ। ਝੋਨੇ ਦੀਆਂ ਇਹ ਕਿਸਮਾਂ ਘੱਟ ਪਾਣੀ ਵਿੱਚ ਉਗਾਈਆਂ ਜਾ ਸਕਦੀਆਂ ਹਨ ਤੇ ਇਹ 20-30% ਵੱਧ ਉਤਪਾਦਨ ਦੇਣਗੀਆਂ। ਇਸ ਨਾਲ ਕਿਸਾਨ ਮਾਲੋਮਾਲ ਹੋ ਸਕਦੇ ਹਨ। 

ਹਾਸਲ ਜਾਣਕਾਰੀ ਮੁਤਾਬਕ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਨੇ ਦੁਨੀਆ ਦੇ ਪਹਿਲੇ ਜੀਨੋਮ-ਸੰਪਾਦਿਤ ਚੌਲਾਂ ਦੀਆਂ ਦੋ ਉੱਨਤ ਕਿਸਮਾਂ, DRR ਪੈਡੀ 100 (ਕਮਲਾ) ਤੇ ਪੂਸਾ DST ਰਾਈਸ 1 ਵਿਕਸਤ ਕੀਤੀਆਂ ਹਨ। ਇਨ੍ਹਾਂ ਕਿਸਮਾਂ ਨੂੰ ਵਧਣ ਲਈ ਘੱਟ ਪਾਣੀ ਦੀ ਲੋੜ ਹੋਵੇਗੀ ਤੇ ਇਹ ਜਲਦੀ ਪੱਕ ਕੇ ਤਿਆਰ ਹੋਣਗੀਆਂ। ਇੰਨਾ ਹੀ ਨਹੀਂ, ਇਨ੍ਹਾਂ ਕਿਸਮਾਂ ਦਾ ਉਤਪਾਦਨ ਰਵਾਇਤੀ ਕਿਸਮਾਂ ਨਾਲੋਂ 20-30% ਵੱਧ ਹੋਵੇਗਾ।

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਤਵਾਰ ਨੂੰ ਇਨ੍ਹਾਂ ਦੋਵਾਂ ਕਿਸਮਾਂ ਨੂੰ ਜਾਰੀ ਕੀਤਾ। ਚੌਹਾਨ ਨੇ ਕਿਹਾ ਕਿ ਜਲਵਾਯੂ-ਰੋਧਕ ਤੇ ਉੱਚ-ਉਪਜ ਦੇਣ ਵਾਲੀਆਂ ਕਿਸਮਾਂ ਦੇਸ਼ ਵਿੱਚ ਦੂਜੀ ਹਰੀ ਕ੍ਰਾਂਤੀ ਲਈ ਰਾਹ ਪੱਧਰਾ ਕਰਨਗੀਆਂ। ਇਨ੍ਹਾਂ ਨਾਲ ਉਤਪਾਦਨ ਵਧੇਗਾ। ਘੱਟ ਪਾਣੀ ਨਾਲ ਫ਼ਸਲਾਂ ਦਾ ਉਤਪਾਦਨ ਹੋਏ ਤੇ ਲਾਗਤ ਵੀ ਘਟੇਗੀ। ਇਸ ਦੇ ਨਾਲ ਹੀ ਇਹ ਕਿਸਮਾਂ ਬਦਲਦੇ ਮੌਸਮ ਵਿੱਚ ਵੀ ਚੰਗੀ ਪੈਦਾਵਾਰ ਦੇਣਗੀਆਂ।

ICAR ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕਿਸਮਾਂ ਲਈ ਬੌਧਿਕ ਸੰਪਤੀ ਅਧਿਕਾਰ (IPR) ਪ੍ਰਾਪਤ ਕਰਨ ਦੀ ਪ੍ਰਕਿਰਿਆ ਇਸ ਸਮੇਂ ਚੱਲ ਰਹੀ ਹੈ। ਅਗਲੇ ਦੋ ਸਾਲਾਂ ਵਿੱਚ ਕਿਸਾਨਾਂ ਨੂੰ ਪ੍ਰਮਾਣਿਤ ਬੀਜ ਉਪਲਬਧ ਕਰਵਾਏ ਜਾਣਗੇ। ਇਨ੍ਹਾਂ ਕਿਸਮਾਂ ਨੂੰ ਆਧੁਨਿਕ CRISPR-Cas ਜੀਨੋਮ-ਸੰਪਾਦਨ ਤਕਨਾਲੋਜੀ ਨਾਲ ਵਿਕਸਤ ਕੀਤਾ ਗਿਆ ਹੈ। ਇਹ ਤਕਨਾਲੋਜੀ ਵਿਗਿਆਨੀਆਂ ਨੂੰ ਬਿਨਾਂ ਕਿਸੇ ਬਾਹਰੀ DNA ਨੂੰ ਪਾਏ ਪੌਦਿਆਂ ਦੇ ਮੂਲ ਜੀਨਾਂ ਵਿੱਚ ਨਿਸ਼ਾਨਾਬੱਧ ਤੇ ਸਟੀਕ ਬਦਲਾਅ ਕਰਨ ਦੇ ਯੋਗ ਬਣਾਉਂਦੀ ਹੈ। ਇਸ ਤਕਨਾਲੋਜੀ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਤੇ ਭਾਰਤ ਵਿੱਚ ਕਾਸ਼ਤ ਲਈ ਮਨਜ਼ੂਰੀ ਦਿੱਤੀ ਗਈ ਹੈ।

ਇਸ ਦੀ ਕਾਸ਼ਤ ਇਨ੍ਹਾਂ ਰਾਜਾਂ ਵਿੱਚ ਕੀਤੀ ਜਾਵੇਗੀਜੀਨੋਮ-ਸੰਪਾਦਿਤ 'ਕਮਲਾ' ਕਿਸਮ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ, ਪੁਡੂਚੇਰੀ, ਕੇਰਲ, ਛੱਤੀਸਗੜ੍ਹ, ਮਹਾਰਾਸ਼ਟਰ, ਮੱਧ ਪ੍ਰਦੇਸ਼, ਓਡੀਸ਼ਾ, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿੱਚ ਕਾਸ਼ਤ ਲਈ ਸਿਫਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ 'Pusa DST Rice 1' ਨੂੰ ਵੀ ਇਨ੍ਹਾਂ ਰਾਜਾਂ ਵਿੱਚ ਢੁਕਵਾਂ ਪਾਇਆ ਗਿਆ ਹੈ। ਉਂਝ, ਹੋਰ ਰਾਜਾਂ ਵਿੱਚ ਵੀ ਇਸ ਦਾ ਟਰਾਈਲ ਕੀਤੇ ਜਾਣਗੇ।

20 ਦਿਨ ਪਹਿਲਾਂ ਪੱਕ ਜਾਣਗੇICAR ਅਨੁਸਾਰ ਜੇਕਰ ਇਨ੍ਹਾਂ ਕਿਸਮਾਂ ਨੂੰ 50 ਲੱਖ ਹੈਕਟੇਅਰ ਰਕਬੇ ਵਿੱਚ ਅਪਣਾਇਆ ਜਾਵੇ ਤਾਂ ਦੇਸ਼ ਵਿੱਚ 45 ਲੱਖ ਟਨ ਵਾਧੂ ਝੋਨਾ ਪੈਦਾ ਕਰਨਾ ਸੰਭਵ ਹੈ। ਇਸ ਦੇ ਨਾਲ ਹੀ ਛੋਟੀ ਪੱਕਣ ਦੀ ਮਿਆਦ (20 ਦਿਨ ਪਹਿਲਾਂ) ਦੇ ਕਾਰਨ 7,500 ਮਿਲੀਅਨ ਘਣ ਮੀਟਰ ਪਾਣੀ ਬਚਾਇਆ ਜਾ ਸਕਦਾ ਹੈ ਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ 20% ਤੱਕ ਘਟਾਇਆ ਜਾ ਸਕਦਾ ਹੈ।

2018 ਤੋਂ ਖੋਜ ਚੱਲ ਰਹੀ ICAR ਨੇ 2018 ਵਿੱਚ ਚੌਲਾਂ ਵਿੱਚ ਜੀਨੋਮ-ਸੰਪਾਦਨ ਖੋਜ ਪ੍ਰੋਜੈਕਟ ਸ਼ੁਰੂ ਕੀਤਾ। ਇਸ ਤਹਿਤ ਦੋ ਪ੍ਰਮੁੱਖ ਕਿਸਮਾਂ 'ਸਾਂਬਾ ਮਹਸੂਰੀ (BPT5204)' ਤੇ 'MTU1010 (ਕੌਟੋਂਡੋ ਸੰਨਾਲੂ)' ਦੀ ਚੋਣ ਕੀਤੀ ਗਈ। ਉਨ੍ਹਾਂ ਦੀ ਖੋਜ ਕਰਨ ਤੋਂ ਬਾਅਦ, ਉਨ੍ਹਾਂ ਨੂੰ ਬਿਹਤਰ ਉਤਪਾਦਨ, ਤਣਾਅ ਸਹਿਣਸ਼ੀਲਤਾ ਤੇ ਜਲਵਾਯੂ ਅਨੁਕੂਲਤਾ ਦੇ ਨਾਲ ਵਿਕਸਤ ਕੀਤਾ ਗਿਆ, ਜਿਸਦੇ ਨਤੀਜੇ ਵਜੋਂ 'ਕਮਲਾ' ਤੇ 'ਪੂਸਾ ਡੀਐਸਟੀ ਰਾਈਸ 1' ਪੈਦਾ ਹੋਏ।