ਬਠਿੰਡਾ ਪੁੱਜੇ ਮੋਦੀ ਨੇ ਪੰਜਾਬੀਆਂ ਨਾਲ ਕੀਤੇ ਵੱਡੇ ਵਾਅਦੇ, 2028 ਤਕ ਕਿਸਾਨਾਂ ਦੀ ਆਮਦਨ ਹੋਊ ਦੁਗਣੀ
ਏਬੀਪੀ ਸਾਂਝਾ | 13 May 2019 07:58 PM (IST)
ਮੋਦੀ ਨੇ ਕਿਸਾਨਾਂ ਸਬੰਧੀ ਦਾਅਵਾ ਕੀਤਾ ਕਿ 2028 ਤਕ ਉਹ ਕਿਸਾਨਾਂ ਦੀ ਆਮਦਨ ਦੁਗਣੀ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਸੇ ਲਈ NDA ਸਰਕਾਰ ਵੱਲੋਂ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਆਯੂਸ਼ ਯੋਜਨਾ ਦੇ ਤਹਿਤ ਗਰੀਬ ਪਰਿਵਾਰਾਂ ਦਾ 5 ਲੱਖ ਰੁਪਏ ਤਕ ਦਾ ਇਲਾਜ ਕਰਵਾਇਆ ਜਾਏਗਾ।
ਬਠਿੰਡਾ: ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਠਿੰਡਾ ਪੁੱਜੇ। ਇਸ ਦੌਰਾਨ ਉਨ੍ਹਾਂ ਕਿਸਾਨਾਂ ਸਬੰਧੀ ਦਾਅਵਾ ਕੀਤਾ ਕਿ 2028 ਤਕ ਉਹ ਕਿਸਾਨਾਂ ਦੀ ਆਮਦਨ ਦੁਗਣੀ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਸੇ ਲਈ NDA ਸਰਕਾਰ ਵੱਲੋਂ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਆਯੂਸ਼ ਯੋਜਨਾ ਦੇ ਤਹਿਤ ਗਰੀਬ ਪਰਿਵਾਰਾਂ ਦਾ 5 ਲੱਖ ਰੁਪਏ ਤਕ ਦਾ ਇਲਾਜ ਕਰਵਾਇਆ ਜਾਏਗਾ। ਇਸ ਦੌਰਾਨ ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਾਂਗਰਸ ਨੂੰ ਖੂਬ ਰਗੜੇ ਲਾਏ। ਮੋਦੀ ਨੇ ਕਿਹਾ ਕਿ ਕਾਂਗਰਸ 40 ਸੀਟਾਂ ਪਾਉਣ ਲਈ ਸੰਘਰਸ਼ ਕਰ ਰਹੀ ਹੈ। ਕਾਂਗਰਸ ਦੇ ਲੀਡਰ 'ਕਨਫਿਊਜ਼' ਹਨ ਤੇ ਉਨ੍ਹਾਂ ਦੀ ਸੋਚ 'ਡਿਫਿਊਜ਼' ਹੈ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਪਿੱਛੇ ਸਿੱਧੇ ਤੌਰ 'ਤੇ ਕਾਂਗਰਸ ਜ਼ਿੰਮੇਵਾਰ ਹੈ। ਸੈਮ ਪਿਤ੍ਰੋਦਾ ਦੇ ਬਿਆਨ ਬਾਰੇ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਝੂਠੇ ਵਾਅਦਿਆਂ 'ਤੇ ਦੇਸ਼ ਵਾਸੀਆਂ ਨੂੰ ਗੁਮਰਾਹ ਕਰਨ 'ਤੇ ਲੱਗੀ ਹੋਈ ਹੈ। ਮੋਦੀ ਨੇ ਕਾਂਗਰਸ ਦੇ ਦਿੱਗਜ ਲੀਡਰਾਂ ਨੂੰ 'ਨਾਮਦਾਰ' ਵੀ ਕਿਹਾ। ਇਸੇ ਦੌਰਨ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਨੇ ਕਿਸਾਨਾਂ ਨਾਲ ਕਰਜ਼ ਮੁਆਫ਼ੀ ਦੇ ਝੂਠੇ ਵਾਅਦੇ ਕੀਤੇ ਤੇ ਕਿਸਾਨਾਂ ਨੂੰ ਠੱਗਿਆ। ਕਿਸਾਨ ਤੇ ਲੋਕ ਕਾਂਗਰਸ ਤੋਂ ਤੰਗ ਆ ਚੁੱਕੇ ਹਨ ਪਰ ਬੀਜੇਪੀ ਲੋਕਾਂ ਨਾਲ ਵਾਅਦਾ ਕਰਦੀ ਹੈ ਕਿ ਉਹ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕਰੇਗੀ ਤੇ ਭਾਰਤ ਦੀ ਨੁਹਾਰ ਬਦਲ ਕੇ ਰੱਖ ਦਏਗੀ।