ਸ਼ੰਕਰ ਦਾਸ ਦੀ ਰਿਪੋਰਟ


Punjab Weather Updates: ਪੰਜਾਬ 'ਤੇ ਚੰਡੀਗੜ੍ਹ ਵਾਸੀਆਂ ਨੂੰ ਅੱਜ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ। ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਸਹਿਣ ਤੋਂ ਬਾਅਦ ਅੱਜ ਸਵੇਰੇ ਹਲਕੀ ਬਾਰਸ਼ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ।
ਚੰਡੀਗੜ੍ਹ ਦੇ ਆਸ-ਪਾਸ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ , ਜਿਸ ਨਾਲ ਤਾਪਮਾਨ 'ਚ ਗਿਰਾਵਟ ਆਈ ਹੈ। ਅੱਜ ਸਵੇਰੇ ਤੋਂ ਹੀ ਅਸਮਾਨ 'ਚ ਕਾਲੇ ਬੱਦਲ ਛਾਏ ਹੋਏ ਸੀ ਤੇ ਤੇਜ਼ ਹਵਾ ਚੱਲ ਰਹੀ ਸੀ।

ਮੀਂਹ ਕਾਰਨ ਤਾਪਮਾਨ ਹੇਠਾਂ ਆ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮਾਨਸੂਨ ਪੰਜਾਬ-ਚੰਡੀਗੜ੍ਹ ਅਤੇ ਹਰਿਆਣਾ ਦੇ ਬੂਹੇ 'ਤੇ ਪਹੁੰਚ ਗਿਆ ਹੈ। ਇਹ ਪਿਛਲੇ ਸਾਲ ਦੀ ਤਰ੍ਹਾਂ ਮਾਨਸੂਨ ਉੱਤਰ ਪ੍ਰਦੇਸ਼ ਦੇ ਰਸਤੇ ਪੰਚਕੂਲਾ-ਅੰਬਾਲਾ ਤਰਫੋਂ ਦਾਖਲ ਹੋਵੇਗਾ। ਆਈਐਮਡੀ ਦੇ ਚੰਡੀਗੜ੍ਹ ਸੈਂਟਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਮੁਤਾਬਕ 30 ਜੂਨ ਦੀ ਸਵੇਰ ਤੋਂ 1 ਜੁਲਾਈ ਦਰਮਿਆਨ ਕਦੇ ਵੀ ਮਾਨਸੂਨ ਸਮੇਂ ਆ ਸਕਦਾ ਹੈ।



ਇਸ ਦੌਰਾਨ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਦੂਜੇ ਪਾਸੇ 30 ਜੂਨ ਦੀ ਰਾਤ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮਾਨਸੂਨ ਦਸਤਕ ਦੇਣ ਜਾ ਰਿਹਾ ਹੈ। ਆਈਐਮਡੀ ਦੇ ਅਨੁਸਾਰ 1 ਜੁਲਾਈ ਨੂੰ ਭਾਰੀ ਮੀਂਹ ਦਾ ਅਲਰਟ ਹੈ। ਆਈਐਮਡੀ ਨੇ ਇਸ ਤੋਂ ਪਹਿਲਾਂ 29 ਜੂਨ ਨੂੰ ਮਾਨਸੂਨ ਤੋਂ ਪਹਿਲਾਂ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ , ਜੋ ਸੱਚ ਸਾਬਿਤ ਹੋਈ ਹੈ।

ਆਮ ਤੌਰ 'ਤੇ ਹੁਣ ਤੱਕ ਕਸ਼ਮੀਰ ਪਹੁੰਚਣ ਵਾਲਾ ਮਾਨਸੂਨ 12 ਦਿਨਾਂ ਤੋਂ ਯੂਪੀ-ਬਿਹਾਰ ਸਰਹੱਦ 'ਤੇ ਅਟਕਿਆ ਹੋਇਆ ਹੈ।  17 ਜੂਨ ਨੂੰ ਮਊ ਜ਼ਿਲ੍ਹੇ ਦੇ ਨੇੜੇ ਪਹੁੰਚ ਗਿਆ ਸੀ ਪਰ ਪਾਕਿਸਤਾਨ ਤੋਂ ਰਾਜਸਥਾਨ ਰਾਹੀਂ ਆ ਰਹੀਆਂ ਗਰਮ ਹਵਾਵਾਂ ਕਾਰਨ ਅੱਗੇ ਨਹੀਂ ਵਧ ਸਕਿਆ। ਅਜਿਹਾ ਇਸ ਤੋਂ ਪਹਿਲਾਂ ਕਰਨਾਟਕ ਵਿੱਚ ਵੀ ਹੋ ਚੁੱਕਾ ਹੈ, ਜਿੱਥੇ ਮਾਨਸੂਨ 10 ਦਿਨਾਂ ਤੱਕ ਅਟਕਾ ਰਿਹਾ ਸੀ।

ਮੌਸਮ ਵਿਗਿਆਨੀਆਂ ਮੁਤਾਬਕ ਬੰਗਾਲ ਦੀ ਖਾੜੀ 'ਚ ਹਵਾ ਦਾ ਦਬਾਅ ਘੱਟ ਹੈ। ਇਸ ਕਾਰਨ ਮਾਨਸੂਨ ਨੂੰ ਅੱਗੇ ਧੱਕਣ ਵਾਲੀਆਂ ਹਵਾਵਾਂ ਨਹੀਂ ਵਗ ਰਹੀਆਂ ਹਨ। ਹੁਣ ਪੱਛਮੀ ਹਵਾਵਾਂ ਕਮਜ਼ੋਰ ਹੋਣ ਲੱਗ ਪਈਆਂ ਹਨ, ਬੰਗਾਲ ਦੀ ਖਾੜੀ ਤੋਂ ਹਵਾਵਾਂ ਉੱਤਰ-ਪੱਛਮ ਵੱਲ ਵਗਣ ਲੱਗੀਆਂ ਹਨ। ਮਾਨਸੂਨ 2 ਦਿਨਾਂ ਵਿੱਚ ਅੱਗੇ ਵਧਣਾ ਸ਼ੁਰੂ ਕਰ ਸਕਦਾ ਹੈ।