Punjab News: ਪੰਜਾਬ ਸਮੇਤ ਦੇਸ਼ ਭਰ 'ਚ ਇਸ ਸਮੇਂ ਮੌਸਮ ਕੁਝ ਬਦਲਿਆ ਦਿਖਾਈ ਦੇ ਰਿਹਾ ਹੈ, ਜਿਸ ਨਾਲ ਹਲਕੀ ਠੰਢ ਵੀ ਮਹਿਸੂਸ ਹੋ ਰਹੀ ਹੈ। ਅੱਗੇ ਮਾਰਚ ਮਹੀਨਾ ਗਰਮੀ ਨਾਲ ਸ਼ੁਰੂ ਹੁੰਦਾ ਸੀ ਪਰ ਇਸ ਵਾਰ ਮਾਰਚ ਦਾ ਮਹੀਨਾ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਨਾਲ ਸ਼ੁਰੂ ਹੋਇਆ ਹੈ। ਕਈ ਥਾਵਾਂ 'ਤੇ ਤੇਜ਼ ਹਵਾਵਾਂ ਵੀ ਚੱਲੀਆਂ, ਜਦਕਿ ਦੂਜੇ ਪਾਸੇ ਹਿਮਾਚਲ 'ਚ ਬੁੱਧਵਾਰ ਨੂੰ ਚਾਰ ਜ਼ਿਲਿਆਂ ਲਾਹੋਲ ਸਪਿਤੀ, ਕਿੰਨੋਰ, ਚੰਬਾ ਤੇ ਸਿਰਮੌਰ ਦੇ ਉਪਰਲੇ ਇਲਾਕਿਆਂ 'ਚ ਬਰਫਬਾਰੀ ਤੇ ਹੇਠਲੇ ਇਲਾਕਿਆਂ 'ਚ ਮੀਂਹ ਪਿਆ ਹੈ।

ਪਹਾੜਾਂ 'ਚ ਬਦਲੇ ਮੌਸਮ ਕਾਰਨ ਠੰਡ ਇਕ ਵਾਰ ਫਿਰ ਵਾਪਸ ਆ ਗਈ ਹੈ। 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀਤੇ ਦਿਨੀਂ ਕਪੂਰਥਲਾ, ਗੁਰਦਾਸਪੁਰ, ਪਠਾਨਕੋਟ, ਨਵਾਂਸ਼ਹਿਰ, ਸੰਗਰੂਰ, ਫਾਜ਼ਿਲਕਾ ਤੇ ਪਟਿਆਲਾ 'ਚ ਹਲਕੀ ਬਾਰਸ਼ ਹੋਈ ਹੈ।




ਪਟਿਆਲਾ ਵਿੱਚ ਸਭ ਤੋਂ ਵੱਧ 1.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ ਹਰਿਆਣਾ ਦੇ ਕੁਝ ਇਲਾਕਿਆਂ 'ਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਈ। ਰੇਵਾੜੀ, ਨੂਹ 'ਚ 1-1, ਗੁੜਗਾਓਂ 'ਚ 0.8, ਪੰਚਕੂਲਾ 'ਚ 0.5, ਰੋਹਤਕ 'ਚ 0.3, ਝੱਜਰ, ਕੈਥਲ 'ਚ 0.1-0.1 ਮਿ.ਮੀ. ਮੀਂਹ ਦਰਜ ਕੀਤਾ ਗਿਆ ਹੈ।

ਮੀਂਹ ਤੇ ਬੂੰਦਾਬਾਂਦੀ ਦੇ ਬਾਵਜੂਦ ਮਾਰਚ ਦੇ ਪਹਿਲੇ ਦਿਨ ਹੀ ਪਾਰਾ ਚੜ੍ਹਿਆ ਰਿਹਾ। ਰਾਤ ਦਾ ਔਸਤ ਤਾਪਮਾਨ ਆਮ ਨਾਲੋਂ 2.8 ਡਿਗਰੀ ਵੱਧ ਕੇ 4.3 ਡਿਗਰੀ ਵੱਧ ਹੋ ਗਿਆ। ਫਰੀਦਾਬਾਦ ਵਿੱਚ ਇਹ ਸਭ ਤੋਂ ਵੱਧ 19.8 ਡਿਗਰੀ ਸੀ, ਜੋ ਕਿ ਆਮ ਨਾਲੋਂ ਲਗਭਗ 8 ਡਿਗਰੀ ਵੱਧ ਹੈ। ਗੁੜਗਾਓਂ ਵਿੱਚ ਤਾਪਮਾਨ 18 ਡਿਗਰੀ ਰਿਹਾ। ਦਿਨ ਦਾ ਔਸਤ ਤਾਪਮਾਨ ਆਮ ਨਾਲੋਂ 0.7° ਤੋਂ 4.4° ਵੱਧ ਹੋ ਗਿਆ।


 ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਸਖ਼ਤ ਕਾਰਵਾਈ ਲਈ ਰਾਜਾ ਵੜਿੰਗ ਨੇ ਡੀਜੀਪੀ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ

ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ। ਰਾਤ ਦੇ ਤਾਪਮਾਨ 'ਚ 2 ਤੋਂ 4 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਹੁਣ 4 ਮਾਰਚ ਨੂੰ ਫਿਰ ਤੋਂ ਤਾਜ਼ਾ ਡਬਲਯੂਡੀ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ। ਹਾਲਾਂਕਿ ਮਾਰਚ ਵਿੱਚ ਔਸਤ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।