Rain in Punjab: ਪੰਜਾਬ ਵਿੱਚ ਅੱਜ ਵੀ ਮੀਂਹ ਕਹਿਰ ਬਣ ਕੇ ਵਰ੍ਹਿਆ ਹੈ। ਕਈ ਥਾਵਾਂ ਉੱਪਰ ਫਸਲਾਂ ਵਿੱਚ ਪਾਣੀ ਭਰ ਗਿਆ ਹੈ। ਪਹਿਲਾਂ ਹੀ ਬਾਰਸ਼ ਨਾਲ ਪੰਜਾਬ ਵਿੱਚ ਲੱਖਾਂ ਏਕੜ ਫਸਲ ਤਬਾਹ ਹੋ ਗਈ ਹੈ। ਪੰਜਾਬ ਸਰਕਾਰ ਨੇ ਇਸ ਦੀ ਗਿਰਦਾਵਾਰੀ ਦੇ ਹੁਕਮ ਦਿੱਤੇ ਹਨ। ਖੇਤੀ ਮਹਿਕਮਾ ਖਰਾਬ ਫਸਲਾਂ ਦੇ ਮੁਆਵਜ਼ੇ ਲਈ ਡਾਟਾ ਇਕੱਠਾ ਕਰ ਰਿਹਾ ਹੈ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਲੰਘੇ ਦਿਨੀਂ ਪਏ ਤੇਜ਼ ਮੀਂਹ ਨੇ ਕਰੀਬ ਦੋ ਲੱਖ ਏਕੜ ਰਕਬਾ ਡੋਬ ਦਿੱਤਾ ਹੈ। ਮਾਲਵਾ ਖ਼ਿੱਤੇ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸਭ ਤੋਂ ਵੱਧ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਜਦੋਂਕਿ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਫ਼ਸਲੀ ਨੁਕਸਾਨ ਜ਼ਿਆਦਾ ਹੈ।

ਬੇਸ਼ੱਕ ਕਈ ਦਿਨ ਪਹਿਲਾਂ ਤੇਜ਼ ਬਰਸਾਤ ਹੋਈ ਸੀ ਪਰ ਹਲਕਾ ਮਲੋਟ ਤੇ ਹਲਕਾ ਲੰਬੀ ਦੇ ਖੇਤਾਂ ਵਿੱਚ ਹਾਲੇ ਵੀ ਪਾਣੀ ਖੜ੍ਹਾ ਹੈ। ਕਿਸਾਨ ਫ਼ਸਲਾਂ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਫ਼ਾਜ਼ਿਲਕਾ ਜ਼ਿਲ੍ਹੇ ਦੇ ਪੌਣੇ ਦੋ ਸੌ ਪਿੰਡ ਮੀਂਹ ਦੇ ਪਾਣੀ ਕਾਰਨ ਪ੍ਰਭਾਵਿਤ ਹੋਏ ਹਨ।

ਮਾਲ ਵਿਭਾਗ ਤਰਫ਼ੋਂ ਕੇਂਦਰ ਸਰਕਾਰ ਨੂੰ ਭੇਜੀ ਰਿਪੋਰਟ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 1,27,585 ਏਕੜ ਫ਼ਸਲ ਮੀਂਹ ਨਾਲ ਪ੍ਰਭਾਵਿਤ ਹੋਈ ਹੈ, ਜਦੋਂ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਚ 71,657 ਏਕੜ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ। ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਲੰਘੇ 24 ਘੰਟਿਆਂ ਦੌਰਾਨ ਮੀਂਹ ਕਾਰਨ ਦੋ ਮਨੁੱਖੀ ਜਾਨਾਂ ਵੀ ਚਲੀਆਂ ਗਈਆਂ ਹਨ। ਦੋਵਾਂ ਜ਼ਿਲ੍ਹਿਆਂ ਵਿੱਚ ਸੌ ਤੋਂ ਵੱਧ ਮਕਾਨ ਡਿੱਗੇ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੁਝ ਦਿਨ ਪਹਿਲਾਂ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਪ੍ਰਤੀ ਏਕੜ 35 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਨਰਮਾ ਖ਼ਿੱਤੇ ਦੇ ਕਿਸਾਨ ਤਾਂ ਪਹਿਲਾਂ ਹੀ ਚਿੱਟੇ ਮੱਛਰ ਦੀ ਮਾਰ ਹੇਠ ਆਏ ਹੋਏ ਸਨ ਤੇ ਹੁਣ ਬਾਰਸ਼ਾਂ ਨੇ ਫ਼ਸਲਾਂ ਤਬਾਹ ਕਰ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਦੇ ਹੁਕਮ ਕਰਨੇ ਤਾਂ ਦੂਰ ਦੀ ਗੱਲ, ਕਿਸੇ ਮੰਤਰੀ ਜਾਂ ਅਧਿਕਾਰੀ ਨੇ ਪ੍ਰਭਾਵਿਤ ਕਿਸਾਨਾਂ ਨਾਲ ਦੁੱਖ ਵੀ ਸਾਂਝਾ ਤੱਕ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਵਿੱਚ ਵੀ ਬਾਰਸ਼ ਦਾ ਪਾਣੀ ਖੇਤਾਂ ਵਿੱਚ ਖੜ੍ਹ ਗਿਆ ਸੀ ਤੇ ਕਿਸਾਨਾਂ ਨੇ ਨਿਕਾਸੀ ਕਰਕੇ ਫ਼ਸਲਾਂ ਬਚਾਈਆਂ ਹਨ।