Rain in Punjab: ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿੱਚ ਅੱਜ ਸਵੇਰੇ ਕਈ ਥਾਵਾਂ ’ਤੇ ਭਾਰੀ ਤੇ ਦਰਮਿਆਨਾ ਮੀਂਹ ਪਿਆ ਹੈ। ਇਸ ਨਾਲ ਇੱਕ ਪਾਸੇ ਲੋਕਾਂ ਨੂੰ ਅਤਿ ਗਰਮੀ ਤੇ ਹੁੰਮਸ ਤੋਂ ਰਾਹਤ ਮਿਲੀ ਪਰ ਦੂਜੇ ਪਾਸੇ ਪਹਿਲਾਂ ਹੀ ਹੜ੍ਹ ਦੀ ਮਾਰ ਹੇਠ ਆਏ ਕਿਸਾਨਾਂ ਦੇ ਸਾਹ ਸੁੱਕ ਗਏ ਹਨ। ਦੱਸ ਦਈਏ ਕਿ ਪਿਛਲੇ ਦਿਨਾਂ ਅੰਦਰ ਹੋਈ ਬਾਰਸ਼ ਨਾਲ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ। ਕਿਸਾਨਾਂ ਨੂੰ ਡਰ ਹੈ ਕਿ ਹੋਰ ਬਾਰਸ਼ ਹੋਣ ਨਾਲ ਹੜ੍ਹਾਂ ਦਾ ਖਤਰਾ ਵਧ ਸਕਦਾ ਹੈ।


ਖੇਤੀ ਮਾਹਿਰਾਂ ਮੁਤਾਬਕ ਮੀਂਹ ਨਾਲ ਫਸਲਾਂ ਨੂੰ ਫਾਇਦਾ ਹੋਏਗਾ ਪਰ ਹੇਠਲੇ ਇਲਾਕੇ ਦੇ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਭਰਨ ਕਰਕੇ ਕਈ ਤਰ੍ਹਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਦੀ ਮੰਗ ਘਟਣ ਕਰਕੇ ਬਿਜਲੀ ਵਿਭਾਗ ਨੇ ਵੀ ਸੁੱਖ ਦਾ ਸਾਹ ਲਿਆ ਹੈ। ਮੀਂਹ ਕਰਕੇ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਵਿੱਚ ਅਗਲੇ 48 ਘੰਟੇ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 8.30 ਵਜੇ ਤੱਕ ਰਾਜਧਾਨੀ ਚੰਡੀਗੜ੍ਹ ਵਿੱਚ 3.8 ਐਮਐਮ, ਅੰਮ੍ਰਿਤਸਰ ’ਚ 7.8 ਐਮਐਮ, ਲੁਧਿਆਣਾ ਵਿੱਚ 41.8 ਐਮਐਮ, ਪਠਾਨਕੋਟ ਵਿੱਚ 11 ਐਮਐਮ, ਗੁਰਦਾਸਪੁਰ ਵਿੱਚ 37.5 ਐਮਐਮ, ਫਤਹਿਗੜ੍ਹ ਸਾਹਿਬ ਵਿੱਚ 4.5 ਐਮਐਮ, ਮੁਹਾਲੀ ’ਚ 9.5 ਐਮਐਮ, ਰੋਪੜ ’ਚ 26 ਐਮਐਮ ਮੀਂਹ ਪਿਆ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ ਅੰਬਾਲਾ ’ਚ 21.4 ਐਮਐਮ, ਮਹਿੰਦਰਗੜ੍ਹ ਵਿੱਚ 35 ਐਮਐਮ, ਪੰਚਕੂਲਾ ’ਚ 6.5 ਐਮਐਮ, ਮੇਵਾਤ ’ਚ 4.5 ਐਮਐਮ ਤੇ ਹੋਰ ਇਲਾਕਿਆਂ ਵਿੱਚ ਹਲਕੀ ਵਰਖਾ ਹੋਈ।

 

ਪੰਜਾਬ ਤੇ ਹਰਿਆਣਾ 'ਚ ਭਾਰੀ ਮੀਂਹ ਦਾ ਅਲਰਟ


ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਦੇ 12 ਅਤੇ ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਤੋਂ ਮੀਂਹ ਦੀ ਇੱਕ ਬੂੰਦ ਵੀ ਨਹੀਂ ਪਈ ਹੈ। ਲੋਕ ਗਰਮੀ ਅਤੇ ਹੁੰਮਸ ਤੋਂ ਪ੍ਰੇਸ਼ਾਨ ਹਨ ਪਰ ਹੁਣ ਮੌਸਮ ਵਿਭਾਗ ਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। 


 

ਵਿਭਾਗ ਅਨੁਸਾਰ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਮੀਂਹ ਪਵੇਗਾ। ਪੰਜਾਬ ਅਤੇ ਹਰਿਆਣਾ ਦੇ ਉੱਤਰੀ, ਪੂਰਬੀ ਅਤੇ ਦੱਖਣ ਪੱਛਮੀ ਹਿੱਸਿਆਂ ਵਿੱਚ ਅਤੇ ਚੰਡੀਗੜ੍ਹ ਵਿੱਚ ਇੱਕ ਜਾਂ ਦੋ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਗਰਜ ਅਤੇ ਬਿਜਲੀ ਦੇ ਨਾਲ ਛੇ ਤੋਂ ਨੌਂ ਸੈਂਟੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਦਿਨ ਦੀ ਸ਼ੁਰੂਆਤ ਆਸਮਾਨ 'ਚ ਬੱਦਲਾਂ ਨਾਲ ਹੋਈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ, ਜਿਸ ਕਾਰਨ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।